ਭਾਈ ਲੌਂਗੋਵਾਲ ਦੀ ਮੌਜੂਦਗੀ ਵਿਚ ਡਾ. ਰਸਲ ਫਰੈਂਕੋ ਡਿਸੂਜਾ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, ੦੩ ਮਾਰਚ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਯਨੇਸਕੋ ਬਾਇਓ ਐਥਿਕਲ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਲੰਘੀ ੨੬ ਫ਼ਰਵਰੀ ਨੂੰ ਮੈਡੀਕਲ ਕਾਲਜ ਦੀ ਕਾਨਵੋਕੇਸ਼ਨ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣ ਪਹੁੰਚੇ ਡਾ. ਰਸਲ ਫਰੈਂਕੋ ਡਿਸੂਜਾ ਮੁਖੀ ਏਸ਼ੀਆ ਫੈਸੀਫਿਕ ਡਵੀਜ਼ਨ ਯੂਨੇਸਕੋ ਚੇਅਰ ਇੰਨ ਬਾਇਉਏਥਿਕਸ ਹਾਇਫਾ ਮੈਲਬੋਰਨ, ਆਸਟ੍ਰੇਲੀਆ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੌਜੂਦਗੀ ਵਿਚ ਇਸ ਸੈਂਟਰ ਦਾ ਉਦਘਾਟਨ ਕਰਕੇ ਇਸ ਨੂੰ ਕਾਰਜਸ਼ੀਲ ਕਰ ਦਿੱਤਾ ਹੈ। ਡਾ. ਰੂਪ ਸਿੰਘ ਅਨੁਸਾਰ ਯੂਨੇਸਕੋ ਚੇਅਰ ਦੇ ਅਧੀਨ ਮਾਹਿਰਾਂ ਦੁਆਰਾ ਵਿਕਸਿਤ ੩ਟੀ-ਆਈ.ਬੀ.ਐਚ.ਐਸ.ਸੀ. ਬਾਇਉਏਥਿਕ ਟ੍ਰੇਨਿੰਗ ਪ੍ਰੋਗਰਾਮ ਮੈਡੀਕਲ, ਡੈਂਟਲ ਅਤੇ ਹੈਲਥ ਸਾਇੰਸਜ਼ ਅਧਿਆਪਨ ਫੈਕਿਲਟੀ ਨੂੰ ਆਧੁਨਿਕ ਬਾਇਉਏਥਿਕਸ ੧੫ ਪ੍ਰਿੰਸੀਪਲਾਂ ਅਧੀਨ ਐਥਿਕਲ ਪ੍ਰੈਕਟਿਸ ਕਰਨ ਬਾਰੇ ਜਾਣਕਾਰੀ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕਰਨ ਵਾਲੇ ਡਾਕਟਰ ‘ਇੰਟਰਨੈਸ਼ਨਲ ਫੋਰਮ ਆਫ ਟੀਚਰਜ਼ ਆਫ ਬਾਇਓਥਿਕ ਯੂਰਪ’ ਵਿਚ ਸਿੱਧੇ ਤੌਰ ‘ਤੇ ਦਾਖ਼ਲਾ ਲੈ ਸਕਣਗੇ।
ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ੨੦੧੬ ਵਿਚ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਹੋਂਦ ਵਿਚ ਆਈ ਸੀ ਅਤੇ ਇਸ ਨੇ ਥੋੜ੍ਹੇ ਜਿਹੇ ਅਰਸੇ ਵਿਚ ਹੀ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਨਾ ਕੇਵਲ ਮੈਡੀਕਲ ਦੀ ਪੜ੍ਹਾਈ ਕਰਵਾਉਣਾ ਹੈ ਬਲਕਿ ਮੈਡੀਕਲ ਦੇ ਖੇਤਰ ਵਿਚ ਉੱਚ ਕੋਟੀ ਦੀਆਂ ਨਵੀਨਤਮ ਵਿਧੀਆਂ ਦਾ ਇਸਤੇਮਾਲ ਕਰਕੇ ਮਰੀਜ਼ਾਂ ਦਾ ਇਲਾਜ਼ ਕਰਨਾ ਵੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਨੂੰ ਅਟਾਮਿਕ ਇੰਨਰਜੀ ਰੈਗੂਲੇਟਰੀ ਬੋਰਡ ਭਾਰਤ ਸਰਕਾਰ ਦੁਆਰਾ ਬੀ.ਐਸ.ਈ. ਰੇਡੀਉਥਰੈਪੀ ਕੋਰਸ ਵਿਚ ਦਾਖ਼ਲੇ ਲਈ ਵੀ ਆਗਿਆ ਦੇ ਦਿੱਤੀ ਗਈ ਹੈ, ਜਿਸ ਤਹਿਤ ਸਾਲ ੨੦੧੮ ਤੋਂ ਹਰ ਸਾਲ ਪੰਜ ਸੀਟਾਂ ਤੇ ਦਾਖ਼ਲੇ ਕੀਤੇ ਜਾਣਗੇ। ਡਾ. ਰੂਪ ਸਿੰਘ ਅਨੁਸਾਰ ਵਿਦਿਆਰਥੀਆਂ ਦੀ ਬਿਹਤਰ ਪੜ੍ਹਾਈ ਵਾਸਤੇ ਯੂਨੀਵਰਸਿਟੀ ਵਿਖੇ ਆਧੁਨਿਕ ਮਸ਼ੀਨਾਂ ਜਿਵੇਂ ਕਿ ਲੀਨੀਅਰ ਐਕਸੀਲੇਟਰ, ਸਿਮੂਲੇਟਰ ਸੋਮੈਟਮ ਡੈਫੀਨੇਸ਼ਨ ਏ.ਐਸ. ੨੦ ਓਪਨ ਮਸ਼ੀਨ, ਕੋਬਾਲਟ ਸਰੋਸ, ਅੰਦਰੂਨੀ ਸੇਕਾ ਦੇਣ ਵਾਲੀ ਬਰੈਕੀਥਰੈਪੀ ਆਦਿ ਉਪਲੱਬਧ ਹਨ।
ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲੋਂ ਅਨੇਕਾਂ ਲੋਕ ਭਲਾਈ ਦੀਆਂ ਸਕੀਮਾਂ ਬਿਲਕੁਲ ਮੁਫ਼ਤ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਪਿੰਗਲਵਾੜਾ, ਯਤੀਮਖ਼ਾਨਾ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਜਨਨੀ ਭਲਾਈ ਸਕੀਮ ਵੀ ਚਲਾਈ ਜਾ ਰਹੀ ਹੈ, ਜਿਸ ਵਿਚ ਗਰਭਵਤੀ ਔਰਤਾਂ ਨੂੰ ਫ਼੍ਰੀ ਜਨੇਪੇ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਲੜਕੀ ਦਾ ਜਨਮ ਹੋਣ ‘ਤੇ ੧੧੦੦ ਰੁਪਏ ਸ਼ਗਨ ਵਜੋਂ ਦਿੱਤੇ ਜਾਂਦੇ ਹਨ।