ਅੰਮ੍ਰਿਤਸਰ, 27 ਦਸੰਬਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਮੱਧ ਪ੍ਰਦੇਸ਼ ਦੇ ਇਕ ਸ਼ਰਧਾਲੂ ਨੂੰ ਉਸ ਦੇ ਕਮਰੇ ਵਿਚ ਰਹਿ ਗਏ 65 ਹਜ਼ਾਰ ਰੁਪਏ ਵਾਪਿਸ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਸਥਿਤ ਸਰਾਵਾਂ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਅਨੁਸਾਰ ਮੱਧ ਪ੍ਰਦੇਸ਼ ਦੇ ਖੰਡਵਾਂ ਤੋਂ ਸ. ਗਗਨ ਸਿੰਘ ਨਾਮ ਦਾ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਾ ਸੀ, ਜਿਸ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਿਵਾਸ ਵਿਖੇ 65 ਹਜ਼ਾਰ ਰੁਪਏ ਰਹਿ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਸਰਾਂ ਦੇ ਕਮਰੇ ਦੀ ਸਫਾਈ ਕਰਦਿਆਂ ਇਸ ਦਾ ਸਫਾਈ ਕਰਮਚਾਰੀਆਂ ਅਤੇ ਸਰਾਂ ਦੇ ਇੰਚਾਰਜ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪ੍ਰਬੰਧਕਾਂ ਨੂੰ ਦਿੱਤੀ। ਇਸ ’ਤੇ ਸਬੰਧਤ ਸ਼ਰਧਾਲੂ ਨੂੰ ਫੋਨ ’ਤੇ ਸੂਚਿਤ ਕਰਕੇ ਉਸ ਦੇ ਪੈਸੇ ਵਾਪਿਸ ਕੀਤੇ ਗਏ। ਇਸ ਦੌਰਾਨ ਸ਼ਰਧਾਲੂ ਸ. ਗਗਨ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸਰਾਂ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਸ਼ਰਧਾਲੂ ਨੂੰ ਪੈਸੇ ਵਾਪਿਸ ਕਰਨ ਮੌਕੇ ਸਰਾਵਾਂ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ, ਇੰਚਾਰਜ ਸ. ਸੁਜਾਨ ਸਿੰਘ, ਸ. ਨਰਿੰਦਰ ਸਿੰਘ, ਸੇਵਾਦਾਰ ਸ. ਹਰਪਾਲ ਸਿੰਘ, ਸ. ਅਮਰਿੰਦਰ ਸਿੰਘ ਤੇ ਸ. ਗੁਰਿੰਦਰ ਸਿੰਘ ਮੌਜੂਦ ਸਨ।