ਅੰਮ੍ਰਿਤਸਰ, 19 ਜੂਨ-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਆਨਲਾਈਨ ਕਮਰਾ ਰਾਖਵਾਂ ਕਰਨ ਸਮੇਂ ਕੇਵਲ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ www.sgpcsarai.com ਦੀ ਹੀ ਵਰਤੋਂ ਕਰਨ ਅਤੇ ਕਮਰੇ ਦੀ ਭੇਟਾ ਜਮ੍ਹਾ ਕਰਵਾਉਣ ਸਮੇਂ ਸਰਾਵਾਂ ਦੇ ਮੈਨੇਜਰ ਨਾਲ ਮੋਬਾਇਲ ਨੰਬਰ 98149-49689 ‘ਤੇ ਸੰਪਰਕ ਕਰਕੇ ਪੁਸ਼ਟੀ ਕੀਤੀ ਜਾਵੇ। ਇਸ ਸਬੰਧੀ ਸੰਗਤ ਨੂੰ ਅਪੀਲ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਪਿਛਲੇ ਦਿਨਾ ਤੋਂ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਸਰਾਵਾਂ ਵਿੱਚ ਆਨਲਾਈਨ ਕਮਰਾ ਰਾਖਵਾਂ ਕਰਨ ਲਈ ਇਕ ਜਾਅਲੀ ਵੈੱਬਸਾਈਟ ਬਣਾ ਕੇ ਸ਼ਰਧਾਲੂਆਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ।  ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਅਤੇ ਠੱਗੀ ਮਾਰਨ ਵਾਲਿਆਂ ਦਾ ਬੈਂਕ ਖਾਤਾ ਵੀ ਸੀਲ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਠੱਗੀ ਮਾਰਨ ਵਾਲੇ ਵਿਅਕਤੀਆਂ ਵੱਲੋਂ ਸਾਰਾਗੜ੍ਹੀ ਸਰਾਂ ਦੇ ਨਾਂ ‘ਤੇ ਜਾਅਲੀ ਵੈੱਬਸਾਈਟ ਜਾਂ ਪੋਰਟਲ ਬਣਾਇਆ ਹੋਇਆ ਹੈ, ਜਿਸ ‘ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ, ਜਿਸ ਕਰਕੇ ਸ਼ਰਧਾਲੂ ਸਰਾਂ ਦੀ ਬੁਕਿੰਗ ਦੇ ਨਾਂ ‘ਤੇ ਝਾਂਸੇ ਹੇਠ ਆ ਜਾਂਦੇ ਹਨ।
ਸ. ਧੰਗੇੜਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਨਕਲੀ ਵੈੱਬਸਾਈਟ ਅਤੇ ਠੱਗਾਂ ਤੋਂ ਸੁਚੇਤ ਰਹਿਣ ਅਤੇ ਆਨਲਾਈਨ ਕਮਰਾ ਰਾਖਵਾਂ ਕਰਵਾਉਣ ਸਮੇਂ ਭੇਟਾ ਜਮ੍ਹਾ ਕਰਵਾਉਣ ਤੋਂ ਪਹਿਲਾਂ ਸਰਾਵਾਂ ਦੇ ਮੈਨੇਜਰ ਨਾਲ ਫੋਨ ਤੇ ਗੱਲਬਾਤ ਕਰਕੇ ਪੁਸ਼ਟੀ ਜਰੂਰ ਕਰਨ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।