ਹਲਕਾ ਪੱਟੀ ਦੀਆਂ ਸੰਗਤਾਂ ਨੇ ਵੀ ਕੀਤੀ ਕਣਕ ਦੀ ਸੇਵਾ

ਅੰਮ੍ਰਿਤਸਰ, ੮ ਮਈ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਰਾਮਦਾਸ ਜੀ ਲਈ ਹਲਕਾ ਭੁਲੱਥ ਦੀਆਂ ਸੰਗਤਾਂ ਵੱਲੋਂ ੯੧੪ ਕੁਇੰਟਲ ਕਣਕ ਭੇਜੀ ਗਈ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰੇਰਣਾ ਨਾਲ ਸਮੁੱਚੇ ਹਲਕੇ ਦੀਆਂ ਸੰਗਤਾਂ ਵੱਲੋਂ ਇਕੱਤਰ ਕੀਤੀ ਗਈ ਇਹ ਕਣਕ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੀ ਹੈ। ਇਸ ਤੋਂ ਇਲਾਵਾ ਹਲਕੇ ਦੀਆਂ ਸੰਗਤਾਂ ਵੱਲੋਂ ੫੨ ਹਜ਼ਾਰ ੮੫੦ ਰੁਪਏ ਨਗਦ ਰਾਸ਼ੀ ਵੀ ਭੇਟਾ ਕੀਤੀ ਗਈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਹਲਕਾ ਪੱਟੀ ਦੀਆਂ ਸੰਗਤਾਂ ਵੱਲੋਂ ਵੀ ੨੨੫ ਕੁਇੰਟਲ ਕਣਕ ਸ੍ਰੀ ਦਰਬਾਰ ਸਾਹਿਬ ਵਿਖੇ ਚੜ੍ਹਾਈ ਗਈ। ਹਲਕਾ ਪੱਟੀ ਵੱਲੋਂ ਇਸ ਕਣਕ ਦੀ ਸੇਵਾ ਸ. ਸੁਰਜੀਤ ਸਿੰਘ, ਸ. ਨਿਰਮਲ ਸਿੰਘ ਅਤੇ ਸ. ਗੁਰਵਿੰਦਰ ਸਿੰਘ ਨੇ ਕਰਵਾਈ। ਹਲਕਾ ਭੁਲੱਥ ਤੋਂ ਕਣਕ ਲੈ ਕੇ ਪੁੱਜੇ ਸ. ਸੁਖਵਿੰਦਰ ਸਿੰਘ, ਸ. ਜਸਵਿੰਦਰ ਸਿੰਘ ਅਤੇ ਹਲਕਾ ਪੱਟੀ ਤੋਂ ਕਣਕ ਲੈ ਕੇ ਪੁੱਜੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਸਕੱਤਰ ਸ. ਮਨਜੀਤ ਸਿੰਘ ਬਾਠ, ਮੈਨੇਜਰ ਸ. ਮੁਖਤਾਰ ਸਿੰਘ, ਸ. ਤੇਜਿੰਦਰ ਸਿੰਘ ਪੱਡਾ ਮੀਤ ਸਕੱਤਰ ਅਤੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਨੇ ਸਨਮਾਨਿਤ ਕੀਤਾ। ਇਸ ਮੌਕੇ ਸ. ਸਤਿੰਦਰ ਸਿੰਘ ਬਾਜਵਾ, ਸ. ਗੁਰਪ੍ਰੀਤ ਸਿੰਘ, ਸ. ਰਮਨਦੀਪ ਸਿੰਘ ਆਦਿ ਮੌਜੂਦ ਸਨ।