ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਐਤਵਾਰ, ੮ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੦ ਅਪ੍ਰੈਲ, ੨੦੨੫ (ਅੰਗ: ੬੬੬)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਅਪ੍ਰੈਲ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਿੱਖਾਂ ਦਾ ਉਹ ਪਵਿੱਤਰ ਅਸਥਾਨ ਹੈ, ਜਿਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਜੀ ਦੇ ਆਗਮਨ ਸਮੇਂ ਇਹ ਨਗਰ ਰਾਏ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਇਸ ਦਾ ਨਾਮ ਸ੍ਰੀ ਨਨਕਾਣਾ ਸਾਹਿਬ ਕਰਕੇ ਮਸ਼ਹੂਰ ਹੋਇਆ। ਭਾਰਤ ਪਾਕਿਸਤਾਨ ਵੰਡ ਸਮੇਂ ਬੇਸ਼ੱਕ ਇਹ ਅਸਥਾਨ ਪਾਕਿਸਤਾਨ ਵਿਚ ਚਲਾ ਗਿਆ ਪਰ ਸਮੁੱਚੇ ਵਿਸ਼ਵ ਦੀ ਸੰਗਤ ਇਸ ਇਤਿਹਾਸਕ ਅਸਥਾਨ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਨਤਮਸਤਕ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ੨੦ ਫ਼ਰਵਰੀ ੧੯੨੧ ਨੂੰ ਵਾਪਰੇ ਸ਼ਹੀਦੀ ਸਾਕੇ ਨੂੰ ‘ਸਾਕਾ ਨਨਕਾਣਾ ਸਾਹਿਬ’ ਕਰਕੇ ਜਾਣਿਆ ਜਾਂਦਾ ਹੈ। ਇਸ ਸਾਕੇ ਸਮੇਂ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਇਸ ਸਾਕੇ ਦੇ ਪਿਛੋਕੜ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਕਾਬਜ ਮਹੰਤ ਨਰੈਣੂ ਦੀਆਂ ਮਨ-ਮਾਨੀਆਂ ਅਤੇ ਅਯਾਸ਼ ਕਿਸਮ ਦੀਆਂ ਕਾਰਵਾਈਆਂ ਸਨ। ਅੰਗਰੇਜ਼ਾਂ ਦੇ ਪਿੱਠੂ ਇਸ ਮਹੰਤ ਨਰੈਣੂ ਦੇ ਮਾੜੇ ਚਾਲ-ਚਲਣ ਕਰਕੇ ਸੰਗਤ ਵਿਚ ਬੇਹੱਦ ਰੋਸ ਦੀ ਭਾਵਨਾ ਬਣ ਗਈ ਸੀ। ਇਸ ਅਯਾਸ਼ ਮਹੰਤ ਪਾਸੋਂ ਗੁਰਦੁਆਰਾ ਸਾਹਿਬ ਨੂੰ ਅਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕੀਤੀ। ਸਾਕਾ ਨਨਕਾਣਾ ਸਾਹਿਬ ਦੌਰਾਨ ਸਿੱਖਾਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ ਪਰੰਤੂ ਇਸ ਸਾਕੇ ਤੋਂ ਬਾਅਦ ਜਿਥੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਆਇਆ, ਉਥੇ ਹੀ ਸਮੁੱਚਾ ਪੰਥ ਕੌਮੀ ਸੰਗਠਨ ਨਾਲ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਲਈ ਉਠ ਖੜ੍ਹਾ ਹੋਇਆ।
ਗੁਰਦੁਆਰੇ ਸਿੱਖਾਂ ਲਈ ਬੇਹੱਦ ਪਾਵਨ ਅਸਥਾਨ ਹਨ। ਇਹ ਸਿੱਖ ਜੀਵਨ-ਜਾਚ ਲਈ ਪ੍ਰੇਰਣਾ ਸਰੋਤ ਅਤੇ ਗੁਰਮਤਿ ਪ੍ਰਚਾਰ ਦਾ ਮੁੱਖ ਕੇਂਦਰ ਹਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਸ਼ਨ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਨਾਮ ਜ਼ਮੀਨਾਂ ਤੇ ਜਗੀਰਾਂ ਆਦਿ ਲਗਵਾਈਆਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਨਵੀਆਂ ਇਮਾਰਤਾਂ ਵੀ ਤਿਆਰ ਕਰਵਾਈਆਂ। ਉਨ੍ਹਾਂ ਦੇ ਰਾਜ ਤੋਂ ਬਾਅਦ ਪੰਜਾਬ ਉਤੇ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਵਿਚ ਸਿੱਧਾ ਦਖ਼ਲ ਦੇਣਾ ਅਰੰਭ ਕਰ ਦਿੱਤਾ। ਉਸ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤ, ਨਿਰਮਲੇ ਆਦਿ ਕਰਦੇ ਸਨ। ਅੰਗਰੇਜ਼ਾਂ ਦੀ ਸ਼ਹਿ ਹੇਠ ਮਹੰਤਾਂ ਨੇ ਗੁਰੂ ਘਰਾਂ ਅੰਦਰ ਮਨਮਾਨੀਆਂ ਦੇ ਨਾਲ-ਨਾਲ ਗੁਰਮਤਿ ਵਿਰੋਧੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ।
ਸ੍ਰੀ ਨਨਕਾਣਾ ਸਾਹਿਬ ‘ਤੇ ਕਾਬਜ਼ ਮਹੰਤ ਨਰਾਇਣ ਦਾਸ ਗੁਰਮਤਿ ਵਿਰੋਧੀ ਕਾਰਵਾਈਆਂ ਕਾਰਨ ਬਹੁਤ ਬਦਨਾਮ ਹੋ ਚੁੱਕਾ ਸੀ। ਇਸ ਮਹੰਤ ਨੇ ਗੁਰਮਤਿ ਦੇ ਉਲਟ ਕੰਜਰੀਆਂ ਦਾ ਨਾਚ ਕਰਾਇਆ, ਜਿਸ ਦਾ ਸੰਗਤ ਨੇ ਬਹੁਤ ਬੁਰਾ ਮਨਾਇਆ। ਅਖ਼ਬਾਰਾਂ ਵਿਚ ਵੀ ਖ਼ਬਰਾਂ ਛਪੀਆਂ ਅਤੇ ਸਿੰਘ ਸਭਾਵਾਂ ਨੇ ਰੋਸ ਮਤੇ ਪਾਸ ਕੀਤੇ ਤੇ ਸਰਕਾਰ ਤੋਂ ਮਹੰਤ ਨੂੰ ਹਟਾਉਣ ਦੀ ਮੰਗ ਕੀਤੀ ਗਈ। ੧੯੧੮ ਈ: ਵਿਚ ਸਿੰਧ ਦਾ ਰਹਿਣਵਾਲਾ ਇਕ ਰਿਟਾਇਰ ਅਫ਼ਸਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਆਪਣੇ ਪਰਿਵਾਰ ਨਾਲ ਆਇਆ, ਮਹੰਤ ਨੇ ਉਸ ਦੇ ਪ੍ਰੀਵਾਰ ਨਾਲ ਦੁਰਵਿਵਹਾਰ ਕੀਤਾ। ਪੁਜਾਰੀਆਂ ਦੀਆਂ ਅਜਿਹੀਆਂ ਹਰਕਤਾਂ ਤੋਂ ਲੋਕ ਤੰਗ ਆ ਚੁੱਕੇ ਸਨ ਅਤੇ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਸੀ। ਅਕਤੂਬਰ ੧੯੨੦ ਈ. ਵਿਚ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਧਾਰੋਵਾਲੀ ਵਿਖੇ ਇਕ ਸਜੇ ਦੀਵਾਨ ਵਿਚ ਸੰਗਤ ਦੇ ਇਕੱਠ ‘ਚ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਦੇ ਸੁਧਾਰ ਲਈ ਮਤਾ ਪਾਸ ਕੀਤਾ, ਜਿਸ ਦੀ ਜਾਣਕਾਰੀ ਮਹੰਤ ਨੂੰ ਵੀ ਪਹੁੰਚ ਗਈ ਸੀ। ਇਸ ਲਈ ਉਸ ਨੇ ਚਾਰ-ਪੰਜ ਸੌ ਭਾੜੇ ਦੇ ਆਦਮੀ ਆਪਣੀ ਰਾਖੀ ਲਈ ਸੱਦ ਲਏ।
੧੯੨੦ ਈ: ਨੂੰ ਕੱਤਕ ਦੀ ਪੂਰਨਮਾਸ਼ੀ ਦੇ ਮੇਲੇ ‘ਤੇ ਮਹੰਤ ਨਰਾਇਣ ਦਾਸ ਨੇ ਚਾਰ-ਪੰਜ ਸੌ ਆਦਮੀਆਂ ਦਾ ਮੁਜ਼ਾਹਰਾ ਕੀਤਾ। ਸੰਗਤ ਵਿਚੋਂ ਜਿਸ ਉਤੇ ਵੀ ਅਕਾਲੀ ਹੋਣ ਦਾ ਸ਼ੱਕ ਪਿਆ, ਉਸਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਪਿਛੋਂ ੨੩ ਜਨਵਰੀ ਅਤੇ ੬ ਫਰਵਰੀ ੧੯੨੧ ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਇਸ ਸਬੰਧੀ ਵਿਚਾਰਾਂ ਹੋਈਆਂ। ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁੰਦਰ ਸਿੰਘ ਰਾਮਗੜ੍ਹੀਆ ਤੇ ਮੀਤ ਪ੍ਰਧਾਨ ਹਰਬੰਸ ਸਿੰਘ ਵਲੋਂ ਕਮੇਟੀ ਦੀ ਰਾਏ ਅਨੁਸਾਰ ਮਹੰਤ ਦੇ ਨਾਮ ਉਸਦੇ ਆਚਰਣ ਸਬੰਧੀ ਗੁਰਦੁਆਰੇ ਸਾਹਿਬ ਦੇ ਪ੍ਰਬੰਧ ਸੁਧਾਰ ਲਈ ਖੁਲ੍ਹੀ ਚਿੱਠੀ ਲਿਖੀ ਗਈ। ਇਸ ਦੇ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਦੀਵਾਨ ਤੇ ਲੰਗਰ ਦੇ ਪ੍ਰਬੰਧ ਲਈ ਭਾਈ ਲਛਮਣ ਸਿੰਘ, ਸ. ਦਲੀਪ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਕਰਤਾਰ ਸਿੰਘ ਝੱਬਰ ਅਤੇ ਸ. ਬਖਸ਼ੀਸ਼ ਸਿੰਘ ‘ਤੇ ਅਧਾਰਤ ਇਕ ਕਮੇਟੀ ਬਣਾ ਦਿੱਤੀ। ਇਨ੍ਹਾਂ ਤੋਂ ਇਲਾਵਾ ਹੋਰ ਪ੍ਰਮੁੱਖ ਸਿੱਖ ਵੀ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਸਬੰਧੀ ਸੰਗਤ ਨੂੰ ਜਾਗਰੂਕ ਕਰਦੇ ਰਹੇ। ਦੂਜੇ ਪਾਸੇ ਮਹੰਤ ਨਰੈਣੂ ਨੇ ੭ ਫਰਵਰੀ ਨੂੰ ਆਪਣੇ ਹਮਾਇਤੀਆਂ ਦੀ ਇਕੱਤਰਤਾ ਬੁਲਾਈ।
ਸਿੱਖ ਸੰਗਤ ਨੇ ਮਹੰਤ ਦੀਆਂ ਘਟੀਆਂ ਕਾਰਵਾਈਆਂ ਨੂੰ ਰੋਕਣ ਲਈ ੧੯ ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਫੈਸਲਾ ਕੀਤਾ। ਸਿੱਖ ਸੰਗਤ ਦੇ ਮੁਖੀਆਂ ਨੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿਚ ਫੈਸਲਾ ਕੀਤਾ ਕਿ ਕੋਈ ਪੱਕੀ ਤਰੀਕ ਨਿਸ਼ਚਿਤ ਕੀਤੇ ਬਿਨਾਂ ਕੋਈ ਜਥਾ ਨਨਕਾਣਾ ਸਾਹਿਬ ਨਾ ਜਾਵੇ। ਪਰ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਸ. ਕਰਤਾਰ ਸਿੰਘ ਝੱਬਰ ਆਪਣੇ-ਆਪਣੇ ਜਥੇ ਲੈ ਕੇ ਨਨਕਾਣਾ ਸਾਹਿਬ ਪੁੱਜਣਾ ਚਾਹੁੰਦੇ ਸਨ। ਦੋਹਾਂ ਜਥਿਆਂ ਨੂੰ ਰੋਕਣ ਦਾ ਯਤਨ ਕੀਤਾ। ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਰੋਕ ਲਿਆ ਗਿਆ। ਪਰ ਭਾਈ ਲਛਮਣ ਸਿੰਘ ਦਾ ਜਥਾ ਨਾ ਰੁਕਿਆ ਅਤੇ ਇਹ ਜਥਾ ੨੦ ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚ ਗਿਆ। ਮਹੰਤ ਨਰੈਣੂ ਨੇ ਸਿੰਘਾਂ ‘ਤੇ ਹਮਲੇ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਜਦੋਂ ਸਿੰਘਾਂ ਦਾ ਜਥਾ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਉਸ ਦੇ ਭਾੜੇ ਦੇ ਗੁੰਡਿਆਂ ਨੇ ਸਿੰਘਾਂ ਪੁਰ ਵਾਰ ਕਰਨੇ ਸ਼ੁਰੂ ਕਰ ਦਿੱਤੇ, ਛੱਤ ਦੇ ਉਪਰੋਂ ਗੋਲੀਆਂ ਚਲਾਈਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੰਘ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਕਈ ਗੋਲੀਆਂ ਲੱਗੀਆਂ। ਜ਼ਖਮੀ ਸਿੰਘਾਂ ਨੂੰ ਤੇਲ ਪਾ ਕੇ ਸਾੜਿਆ ਗਿਆ। ਇਸ ਖ਼ੂਨੀ ਸਾਕੇ ਸਬੰਧੀ ਸ. ਉਤਮ ਸਿੰਘ ਕਾਰਖਾਨੇ ਵਾਲਿਆਂ ਨੇ ਪੰਥਕ ਜਥੇਬੰਦੀ ਤੇ ਸਰਕਾਰੀ ਅਫ਼ਸਰਾਂ ਨੂੰ ਤਾਰਾਂ ਭੇਜੀਆਂ। ੨੧ ਫਰਵਰੀ ੧੯੨੧ ਈ: ਨੂੰ ਸਿੱਖ ਮੁਖੀ ਤੇ ਅਣਗਿਣਤ ਸੰਗਤ ਨਨਕਾਣਾ ਸਾਹਿਬ ਪੁੱਜੀਆਂ। ਉਸੇ ਦਿਨ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿਚ ਆ ਗਿਆ। ੨੨ ਫਰਵਰੀ ਦੀ ਸ਼ਾਮ ਨੂੰ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ।
ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੇ ਸਿੱਖ ਜਗਤ ‘ਚ ਰੋਹ ਤੇ ਜੋਸ਼ ਪੈਦਾ ਕਰ ਦਿੱਤਾ। ਸਿੱਖ ਸੰਗਤ ਨੇ ਸਮੂਹ ਗੁਰਦੁਆਰਾ ਸਾਹਿਬਾਨ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਜੱਦੋ-ਜਹਿਦ ਆਰੰਭ ਕਰ ਦਿੱਤੀ ਅਤੇ ਇਸ ਵਿਚ ਕਾਮਯਾਬੀ ਵੀ ਹਾਸਿਲ ਕੀਤੀ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਸਿੱਖ ਸੰਗਤ ਵੱਲੋਂ ਜਮਹੂਰੀ ਢੰਗ ਨਾਲ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਗੁਰਧਾਮਾਂ ਦੇ ਪ੍ਰਬੰਧ ਨੂੰ ਗੁਰਮਤਿ ਅਨੁਸਾਰ ਚਲਾਇਆ ਜਾ ਰਿਹਾ ਹੈ।