ਅੰਮ੍ਰਿਤਸਰ, 7 ਮਈ-
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਸ਼ਰਾਬ ਸਬੰਧੀ ਗੁਰਦੁਆਰਾ ਸਾਹਿਬਾਨ ਤੋਂ ਅਨਾਊਂਸਮੈਂਟ ਕਰਵਾਉਣ ਦੇ ਜਾਰੀ ਕੀਤੇ ਗਏ ਹੁਕਮਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪਾਵਨ ਅਸਥਾਨ ਗੁਰਦੁਆਰਾ ਸਾਹਿਬਾਨ ਸੰਗਤਾਂ ਲਈ ਮੁਕੱਦਸ ਅਸਥਾਨ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਵੱਲੋਂ ਵਿਵਰਜਤ ਨਸ਼ਿਆਂ ਬਾਰੇ ਗੁਰਦੁਆਰਾ ਸਾਹਿਬਾਨ ਤੋਂ ਅਨਾਊਂਸਮੈਂਟ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਸਿੱਖ ਧਰਮ ਦਾ ਫਲਸਫਾ ਨਸ਼ਿਆਂ ਦੇ ਬਿਲਕੁਲ ਵਿਰੁੱਧ ਹੈ ਅਤੇ ਸਿੱਖ ਮਰਯਾਦਾ ਅਨੁਸਾਰ ਨਸ਼ਿਆਂ ਦਾ ਸੇਵਨ ਕਰਨ ਦੀ ਮਨਾਹੀ ਹੈ। ਸਿੱਖ ਦੀ ਜੀਵਨ ਜਾਂਚ ਅੰਮ੍ਰਿਤਮਈ ਹੈ। ਡਿਪਟੀ ਕਮਿਸ਼ਨਰ ਦੇ ਹੁਕਮਾਂ ਕਾਰਨ ਸਿੱਖ ਸੰਗਤਾਂ ਨੂੰ ਭਾਰੀ ਮਾਨਸਿਕ ਠੇਸ ਵੱਜੀ ਹੈ, ਲਿਹਾਜਾ ਡੀ.ਸੀ. ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਤਰਾਸਦੀ ਕੀ ਹੋ ਸਕਦੀ ਹੈ ਕਿ ਗੁਰੂਆਂ ਦੀ ਧਰਤੀ ਪੰਜਾਬ ਅੰਦਰ ਜ਼ਿਲ੍ਹਿਆਂ ਦੇ ਮੁਖੀ ਸਿੱਖ ਫਸਲਫੇ ਤੋਂ ਕੋਰੇ ਲਗਾਏ ਗਏ ਹਨ। ਚਾਹੀਦਾ ਤਾਂ ਇਹ ਹੈ ਕਿ ਸੂਬੇ ਅੰਦਰ ਲੱਗਣ ਵਾਲਾ ਹਰ ਡਿਪਟੀ ਕਮਿਸ਼ਨਰ ਪੰਜਾਬ ਦੀ ਰਵਾਇਤਾਂ, ਮਾਨਤਾਵਾਂ, ਧਾਰਮਿਕ ਅਕੀਦਿਆਂ ਅਤੇ ਇਥੋਂ ਦੇ ਇਤਿਹਾਸਕ ਤੇ ਭੂਗੋਲਿਕ ਸੁਭਾਅ ਨੂੰ ਜਾਨਣ ਵਾਲਾ ਹੋਵੇ। ਉਨ੍ਹਾਂ ਆਖਿਆ ਸ੍ਰੀ ਮੁਕਤਸਰ ਸਾਹਿਬ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ, ਜਿਸ ਦੇ ਡੀ.ਸੀ. ਵੱਲੋਂ ਕੀਤੀ ਗਈ ਕਾਰਵਾਈ ਇਸ ਦੇ ਇਤਿਹਾਸ ਨੂੰ ਸੱਟ ਮਾਰਨ ਵਾਲੀ ਹੈ।