DSC_0064
ਅੰਮ੍ਰਿਤਸਰ : ੨੭ ਮਈ (        ) ਫੂਡ ਸਪਲਾਈ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਨਾਲ ਉਦਯੋਗ ਮੰਤਰੀ ਸ੍ਰੀ ਗਿਰੀਰਾਜ ਸਿੰਘ, ਸ੍ਰੀ ਸ਼ਵੇਤ ਮਲਿਕ ਮੈਂਬਰ ਰਾਜ ਸਭਾ ਤੇ ਸ੍ਰੀ ਭੂਪਿੰਦਰ ਸਿੰਘ ਯਾਦ ਮੈਂਬਰ ਪਾਰਲੀਮੈਂਟ, ਸ੍ਰ: ਗੁਰਪ੍ਰਤਾਪ ਸਿੰਘ ਟਿੱਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅੰਮ੍ਰਿਤਸਰ ਸ਼ਹਿਰੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਨਤਮਸਤਿਕ ਹੋਈਆਂ। ਸ੍ਰੀ ਪਾਸਵਾਨ ਨੇ ਮੱਥਾ ਟੇਕਣ ਉਪਰੰਤ ਸ਼੍ਰੋਮਣੀ ਕਮੇਟੀ ਦੇ ਚੀਫ਼ ਸਕੱਤਰ ਸ੍ਰ: ਹਰਚਰਨ ਸਿੰਘ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਇਸ ਦੀ ਪ੍ਰੀਕਰਮਾਂ ‘ਚ ਸਥਿਤ ਹੋਰ ਇਤਿਹਾਸਕ ਅਸਥਾਨਾਂ ਦੇ ਇਤਿਹਾਸ ਦੀ ਜਾਣਕਾਰੀ ਲਈ।
ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਪਾਸਵਾਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਨਤਮਸਤਿਕ ਹੋ ਕੇ ਗਿਆ ਹਾਂ। ਉਨ੍ਹਾਂ ਕਿਹਾ ਕਿ ਏਥੇ ਆ ਕੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਫੇਰ ਮੈਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਖੁਸ਼ੀਆਂ ਅਤੇ ਆਸ਼ੀਰਵਾਦ ਲੈਣ ਲਈ ਆਇਆ ਹਾਂ। ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਖੇ ਲੱਗ ਰਹੇ ਪੱਥਰ, ਆਸ-ਪਾਸ ਦੀਆਂ ਇਮਾਰਤਾਂ ਤੇ ਇਲਾਕੇ ਦੇ ਹੋ ਰਹੇ ਸੁੰਦਰੀਕਰਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਜੋ ਪੱਥਰ ਲੱਗ ਰਿਹਾ ਹੈ ਬਹੁਤ ਮਹਿੰਗਾ ਤੇ ਵਧੀਆ ਕਿਸਮ ਦਾ ਹੈ। ਉਹ ਇਥੇ ਹੋ ਰਹੇ ਵਿਕਾਸ ਕਾਰਜਾਂ ਤੋਂ ਕਾਫੀ ਪ੍ਰਭਾਵਿਤ ਹੋਏ। ਸੂਚਨਾ ਕੇਂਦਰ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ੍ਰ: ਹਰਚਰਨ ਸਿੰਘ ਨੇ ਸ੍ਰੀ ਪਾਸਵਾਨ ਨੂੰ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਸੂਚਨਾ ਅਧਿਕਾਰੀ ਸ੍ਰ: ਗੁਰਬਚਨ ਸਿੰਘ, ਸ੍ਰ: ਸੁਖਬੀਰ ਸਿੰਘ ਵਧੀਕ ਮੈਨੇਜਰ, ਸ੍ਰ: ਹਰਪ੍ਰੀਤ ਸਿੰਘ ਸਹਾਇਕ ਸੂਚਨਾ ਆਫ਼ੀਸਰ ਆਦਿ ਮੌਜੂਦ ਸਨ।