ਅੰਮ੍ਰਿਤਸਰ 19 ਅਪ੍ਰੈਲ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬਿਜਲੀ ਦੇ ਸਰਕਟ ਸ਼ਾਰਟ ਹੋਣ ਕਾਰਨ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਘਟਨਾਵਾਂ ਬਹੁਤ ਹੀ ਦੁਖਦਾਈ, ਚਿੰਤਾਜਨਕ ਤੇ ਹਿਰਦੇ ਵੇਦਕ ਹਨ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਤੇ ਅਦਬ ਸਤਿਕਾਰ ਨੂੰ ਬਹਾਲ ਰੱਖਣ ਲਈ ਸਮੁੱਚੇ ਸਿੱਖ ਭਾਈਚਾਰੇ ਨੂੰ ਸੰਜੀਦਾ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ ਇਸ ਲਈ ਗੁਰਦੁਆਰਾ ਸਾਹਿਬ ਅੰਦਰ ਅਤੇ ਸੁੱਖ-ਆਸਨ ਅਸਥਾਨਾਂ ਵਿੱਚ ਧੂਫ, ਲਾਈਟਾਂ, ਪੱਖੇ ਅਤੇ ਸ਼ਰਧਾ-ਵੱਸ ਬਿਜਲੀ ਦੀਆਂ ਸਜਾਵਟੀ ਲੜੀਆਂ ਉਦੋਂ ਤੱਕ ਹੀ ਜਗਾਈਆਂ ਜਾਣ ਜਦ ਤੱਕ ਕੋਈ ਨਿਗਰਾਨ ਹਾਜ਼ਰ ਹੋਵੇ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਤੇ ਸੁੱਖ ਆਸਨ ਅਸਥਾਨ ਦੀ ਬਿਜਲੀ ਦੀ ਸਮੁੱਚੀ ਫਿਟਿੰਗ ਤਸਲੀਬਖਸ਼ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਗੁਰੂ-ਘਰਾਂ ਦੇ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਨੂੰ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਹਾਲ ਰੱਖਣ ਲਈ ਸੁਚੇਤ ਹੋਣ ਦੀ ਲੋੜ ਹੈ।