ਅੰਮ੍ਰਿਤਸਰ, 30 ਮਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ‘ਤੇ ਬਿਰਾਜਮਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਲਈ ਸ਼ਹਾਦਤ ਦੇ ਕੇ ਮਜ਼ਲੂਮਾਂ ਦੀ ਰੱਖਿਆ ਅਤੇ ਆਖਰੀ ਸਾਹ ਤੱਕ ਧਰਮ ਵਿਚ ਪੱਕਿਆ ਰਹਿਣ ਦੀ ਪਰੰਪਰਾ ਦਾ ਮੁੱਢ ਬੰਨ੍ਹਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਰਤ ਵਿਚ ਧਰਮ ਲਈ ਸ਼ਹੀਦੀ ਦੀ ਕੋਈ ਮਿਸਾਲ ਨਹੀਂ ਮਿਲਦੀ, ਜਾਨਵਰਾਂ ਦੀ ਬਲੀ ਦੇਣ ਦੀ ਜਾਂ ਇਸਤਰੀਆਂ ਨੂੰ ਸਤੀ ਕਰਨ ਦਾ ਵਰਣਨ ਤਾਂ ਮਿਲਦਾ ਹੈ ਪਰ ਸ਼ਹੀਦੀ ਤਥਾ ਬਲੀਦਾਨ ਦਾ ਇਤਿਹਾਸ ਵਿਚ ਕੋਈ ਜ਼ਿਕਰ ਨਹੀਂ ਹੈ। ਇਹ ਪ੍ਰਗਟਾਵਾ ਉਨ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਸਮੇਂ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੱਖ-ਵੱਖ ਸੇਵਾ-ਸੁਸਾਇਟੀਆਂ ਅਤੇ ਸਮੂੰਹ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮਾਗਮਾਂ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬਿਰਾਜਮਾਨ ਹੋ ਕੇ ਅਨੇਕਾਂ ਸਦੀਵੀ ਮਹੱਤਤਾ ਵਾਲੇ ਕਾਰਜ ਕਰਵਾਏ ਜੋ ਸਿੱਖ ਧਰਮ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਵਡਮੁੱਲੀਆਂ ਦਾਤਾਂ ਹਨ। ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਪੱਕਾ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਂਈ ਮੀਆਂ ਮੀਰ ਤੋਂ ਰੱਖਵਾ ਕੇ ਇਕ ਨਵੀਂ ਇਨਕਲਾਬੀ ਪਿਰਤ ਪਾਈ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਸੱਚੀ ਬਾਣੀ ਨੂੰ ਕੱਚੀ ਬਾਣੀ ਤੋਂ ਨਖੇੜਨ ਲਈ ਅਤੇ ਸਿੱਖ ਸਿਧਾਤਾਂ ਨੂੰ ਉਜਾਗਰ ਕਰਨ ਲਈ ਸਾਰੀ ਬਾਣੀ ਦਾ ਇਕ ਪਵਿੱਤਰ ਆਦਿ ਗ੍ਰੰਥ ਤਿਆਰ ਕਰਵਾਇਆ। ਉਨ੍ਹਾਂ ਦੇਸ਼-ਵਿਦੇਸ਼ਾਂ ਵਿਚ ਵੱਸਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਦੇ ਪ੍ਰਕਾਸ਼ ਤੇ ਸ਼ਹੀਦੀ ਦਿਹਾੜੇ, ਭਗਤਾਂ ਅਤੇ ਕੌਮ ਦੇ ਮਹਾਨ ਸ਼ਹੀਦਾਂ ਦੇ ਦਿਹਾੜਿਆਂ ਨੂੰ ਗੁਰੂ-ਘਰਾਂ ਵਿਚ ਇਕੱਤਰ ਹੋ ਕੇ ਪੰਥਕ ਭਾਵਨਾ ਨਾਲ ਮਨਾਇਆ ਜਾਵੇ ਅਤੇ ਇਨ੍ਹਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਸਿੱਖੀ ਜੀਵਨ ਜਾਚ ਅਨੁਸਾਰ ਜੀਵਨ ਬਿਤਾਇਆ ਜਾਵੇ।
ਇਸ ਸਮੇਂ ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਵੱਖ-ਵੱਖ ਰਾਗੀ ਜੱਥਿਆਂ, ਢਾਡੀ, ਪ੍ਰਚਾਰਕ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਸਰਵਣ ਕਰਵਾ ਕੇ ਨਿਹਾਲ ਕੀਤਾ।
ਇਸ ਮੌਕੇ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ, ਸ. ਸੁਰਜੀਤ ਸਿੰਘ ਕਾਲਾਬੂਲਾ ਅੰਤ੍ਰਿੰਗ ਮੈਂਬਰ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਲਾਭ ਸਿੰਘ ਦੇਵੀਨਗਰ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ, ਡਾ. ਪਰਮਜੀਤ ਸਿੰਘ ਸਰੋਆ, ਗਿਆਨੀ ਸੁਖਦੇਵ ਸਿੰਘ, ਸ. ਸਵਿੰਦਰ ਸਿੰਘ ਸੱਭਰਵਾਲ, ਸ. ਅਮਰਜੀਤ ਸਿੰਘ ਮੈਨੇਜਰ ਸਮੇਤ ਇਲਾਵਾ ਸੰਗਤਾਂ ਹਾਜ਼ਰ ਸਨ।