ਸ਼੍ਰੋਮਣੀ ਕਮੇਟੀ ਵੱਲੋਂ ਬੈਂਕ ਅਧਿਕਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 22 ਮਾਰਚ-

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ ਨੇ ਚਾਰ ਬੈਟਰੀ ਵਾਹਨ ਭੇਟ ਕੀਤੇ ਹਨ। ਦਫ਼ਤਰ ਸ੍ਰੋਮਣੀ ਕਮੇਟੀ ਵਿਖੇ ਸਕੱਤਰ ਸ. ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੂੰ ਸਟੇਟ ਬੈਂਕ ਆਫ਼ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਕਾਲਜ ਕੁਮਾਰ ਨੇ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ। ਸ਼ਰਧਾਲੂਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸੇਵਾਵਾਂ ਵਿਚ ਆਪਣੀ ਸਮਰਥਾ ਅਨੁਸਾਰ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਜਿਥੇ ਵੱਖ-ਵੱਖ ਕੰਪਨੀਆਂ ਵੱਲੋਂ ਵਾਹਨ ਭੇਟ ਕਰਕੇ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾਈ ਜਾਂਦੀ ਹੈ, ਉਥੇ ਹੀ ਅੱਜ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਚਾਰ ਬੈਂਟਰੀ ਵਾਹਨ ਭੇਟ ਕੀਤੇ ਗਏ ਹਨ। ਇਹ ਵਾਹਨ ਬਜ਼ੁਰਗਾਂ, ਬੱਚਿਆਂ ਅਤੇ ਲੋੜਵੰਦਾਂ ਦੀ ਸਹੂਲਤ ਲਈ ਵਰਤੇ ਜਾਣਗੇ। ਸ. ਪ੍ਰਤਾਪ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਕਾਲਜ ਕੁਮਾਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਕ ਅਜਿਹਾ ਅਧਿਆਤਮਕ ਕੇਂਦਰ ਹੈ, ਜਿਥੇ ਦੁਨੀਆਂ ਭਰ ਤੋਂ ਲੱਖਾਂ ਲੋਕ ਦਰਸ਼ਨ ਕਰਨ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਵਾਹਨ ਭੇਟ ਕਰਨ ਦਾ ਮਕਸਦ ਬੱਚੇ ਅਤੇ ਬਜ਼ੁਰਗ ਸੰਗਤ ਨੂੰ ਬੇਹਤਰ ਸੁਵਿਧਾ ਦੇਣਾ ਹੈ, ਤਾਂ ਜੋ ਉਨ੍ਹਾਂ ਨੂੰ ਦਰਸ਼ਨ ਕਰਨ ਸਮੇਂ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਓਐਸਡੀ ਸ. ਸਤਬੀਰ ਸਿੰਘ ਧਾਮੀ ਨੇ ਬੈਂਕ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਬਿਜੈ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਅਕਾਊਂਟੈਂਟ ਸ. ਗੁਰਦੀਪ ਸਿੰਘ ਥੋਬਾ ਤੋਂ ਇਲਾਵਾ ਸਟੇਟ ਬੈਂਕ ਦੇ ਰਿਜਨਲ ਮੈਨੇਜਰ ਸ੍ਰੀ ਬੀ ਸ਼ੇਖਰ ਤੇ ਸ਼ਾਖਾ ਪ੍ਰਬੰਧਕ ਸ. ਕੇ.ਡੀ. ਸਿੰਘ ਅਤੇ ਹੋਰ ਮੌਜੂਦ ਸਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੀਵੀਐਸ ਕੰਪਨੀ ਵੱਲੋਂ ਮੋਟਰਸਾਈਕਲ ਭੇਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਟੀ.ਵੀ.ਐਸ. ਕੰਪਨੀ ਵੱਲੋਂ ਇਕ ਮੋਟਰਸਾਈਕਲ ਅਪਾਚੇ ਆਰਆਰ 310 ਭੇਟ ਕੀਤਾ ਗਿਆ, ਜਿਸ ਦੀਆਂ ਚਾਬੀਆਂ ਟੀ.ਵੀ.ਐਸ. ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੂੰ ਸੌਂਪੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਟੀ.ਵੀ.ਐਸ. ਕੰਪਨੀ ਵੱਲੋਂ ਪਹਿਲਾਂ ਵੀ ਕੰਪਨੀ ਵੱਲੋਂ ਤਿਆਰ ਨਵੇਂ ਵਾਹਨ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਹੁਣ ਨਵਾਂ ਲਾਂਚ ਕੀਤਾ ਮੋਟਰਸਾਈਕਲ ਭੇਟਾ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਟੀਵੀਐਸ ਕੰਪਨੀ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਟੀਵੀਐਸ ਕੰਪਨੀ ਵੱਲੋਂ ਸ੍ਰੀ ਅਰਵਿੰਦ ਗੁਪਤਾ, ਸ੍ਰੀ ਐਸ ਐਸ ਜੋਹਰੀ, ਸ੍ਰੀ ਸੁਚੇਤ ਤਿਆਗੀ, ਸ. ਗੁਰਪ੍ਰੀਤ ਸਿੰਘ, ਸ੍ਰੀ ਅੰਕੁਰ, ਪ੍ਰਭਾਤ ਟੀਵੀਐਸ ਮੋਟਰ ਵੱਲੋਂ ਸ. ਉਪਕਾਰ ਸਿੰਘ, ਸ. ਜੈਦੀਪ ਸਿੰਘ ਛਾਬੜਾ ਆਦਿ ਹਾਜਰ ਸਨ।