ਸੰਗਤਾਂ ਦੀ ਸਹੂਲਤ ਲਈ ਪਰਿਕਰਮਾ ‘ਚ ‘ਆਊਟਡੋਰ ਸਟੇਅਰ ਲਿਫ਼ਟ’ ਲਗਾਈ

ਅੰਮ੍ਰਿਤਸਰ, ੨੪ ਦਸੰਬਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰੂ ਘਰ ਦੇ ਸ਼ਰਧਾਲੁਆਂ ਵਲੋਂ ਨਵੇਂ, ਸੁੰਦਰ ਤੇ ਨਰਮ ਗਲੀਚੇ (ਕਾਰਪੈੱਟ) ਵਿਛਾਏ ਗਏ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਲਜੀਅਮ ਦੀ ਇਕ ਪ੍ਰਸਿੱਧ ਕੰਪਨੀ ਵਲੋਂ ਤਿਆਰ ਕੀਤਾ ਗਿਆ ੧੦ ਹਜ਼ਾਰ ਵਰਗ ਫੁੱਟ ਦੇ ਕਰੀਬ ਗੂੜੇ ਲਾਲ ਰੰਗ ਦਾ ਯੂਰਪੀਅਨ ਗਲੀਚਾ, ਜਿਸ ‘ਤੇ ਸਫ਼ੇਦ ਰੰਗ ਦੇ ਖ਼ੂਬਸੂਰਤ ਫੁੱਲ ਬੂਟਿਆਂ ਦੀਆਂ ਵੇਲਾਂ ਬਣੀਆਂ ਹਨ, ਵਿਛਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੁੱਖ ਪ੍ਰਕਾਸ਼ ਅਸਥਾਨ, ਉੱਪਰਲੀਆਂ ਦੋਵੇਂ ਮੰਜ਼ਿਲਾਂ ਅਤੇ ਅੰਦਰਲੀ ਛੋਟੀ ਪ੍ਰਕਰਮਾ ਤੋਂ ਇਲਾਵਾ ਦਰਸ਼ਨੀ ਪੁਲ ਦੇ ਰਸਤੇ ‘ਤੇ ਵੀ ਇਹ ਗਲੀਚਾ ਵਿਛਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਇਸ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਤੇ ਗੁਰੂ ਘਰ ਦੇ ਪ੍ਰੇਮੀਆਂ ਸ. ਸਵਿੰਦਰਪਾਲ ਸਿੰਘ ਤੇ ਸ. ਨਰਿੰਦਰ ਸਿੰਘ ਆਦਿ ਵਲੋਂ ਸ਼ਰਧਾ ਸਹਿਤ ਕਰਵਾਈ ਗਈ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ੬ ਹਜ਼ਾਰ ਵਰਗ ਫੁੱਟ ਡਿਜ਼ਾਇਨਰ ਗਲੀਚਾ ਵਿਛਾਇਆ ਗਿਆ ਹੈ, ਜਿਸ ਦੀ ਸੇਵਾ ਸਿੰਘਾਪੁਰ ਨਿਵਾਸੀ ਗੁਰੂ ਘਰ ਦੇ ਸ਼ਰਧਾਲੂ ਠੁਕਰਾਲ ਪਰਿਵਾਰ ਵਲੋਂ ਕਰਵਾਈ ਗਈ ਹੈ।
ਸ. ਬੇਦੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸਰੀਰਿਕ ਤੌਰ ‘ਤੇ ਅਪਾਹਜ ਤੇ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਕਰਮਾ ‘ਚ ਉਤਰਣ ਲਈ ਅਤੇ ਕੇਂਦਰੀ ਸਿੱਖ ਅਜਾਇਬ ਘਰ ਤੱਕ ਅੱਪੜਣ ਲਈ ਘੰਟਾ ਘਰ ਦੀਆਂ ਪੌੜੀਆਂ ਨੇੜੇ ਲਗਾਈਆਂ ਗਈਆਂ ੨ ਲਿਫ਼ਟਾਂ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਾਲੀਆਂ ਪੌੜੀਆਂ ‘ਚ ਪਹਿਲੀ ਆਊੁਟਡੋਰ ਸਟੇਅਰ ਲਿਫ਼ਟ (ਪੌੜੀਆਂ ਵਾਲੀ ਲਿਫ਼ਟ) ਲਗਾਈ ਗਈ ਹੈ, ਜੋ ਸੀਟ ਨਾਲ ਲੱਗੇ ਸਵਿੱਚ ਤੋਂ ਇਲਾਵਾ ਰਿਮੋਟ ਨਾਲ ਵੀ ਚੱਲੇਗੀ ਤੇ ਵੀਲ੍ਹ ਚੇਅਰ ‘ਤੇ ਆਉਣ ਵਾਲੇ ਸ਼ਰਧਾਲੂ ਇਸ ‘ਤੇ ਅਰਾਮ ਨਾਲ ਬੈਠ ਕੇ ਹੇਠਾਂ ਪ੍ਰਕਰਮਾਂ ‘ਚ ਪੁੱਜ ਸਕਣਗੇ। ਉਨ੍ਹਾਂ ਦਸਿਆ ਕਿ ਇਸ ਆਊਟਡੋਰ ਸਟੇਅਰ ਲਿਫ਼ਟ, ਜਿਸਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਸੰਪਰਦਾ ਭੂਰੀ ਵਾਲਿਆਂ ਵਲੋਂ ਕਰਵਾਈ ਗਈ ਹੈ, ੧੨੭ ਕਿਲੋਗ੍ਰਾਮ ਤੱਕ ਭਾਰ ਚੁੱਕ ਸਕਣ ਦੇ ਸਮਰੱਥ ਹੈ ਤੇ ਇਸਦੀ ਕੀਮਤ ਅੰਦਾਜਨ ਇਕ ਲੱਖ ਰੁਪਏ ਦੇ ਕਰੀਬ ਹੈ। ਇਹ ਲਿਫ਼ਟ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਾਲੇ ਰਸਤੇ ਤੋਂ ੭-੮ ਫੁੱਟ ਨੀਵੀਆਂ ਪੌੜੀਆਂ ਰਾਹੀਂ ਹੇਠਾਂ ਨਿਸ਼ਾਨ ਸਾਹਿਬਾਂ ਨੇੜੇ ਜਾ ਪੁੱਜਦੀ ਹੈ।