ਮੇਰੇ ਲਈ ਇਹ ਕਿਰਪਾ ਵਾਲੀ ਗੱਲ ਹੈ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਿਆ ਹਾਂ- ਡਾ. ਮਨਮੋਹਨ ਸਿੰਘ

ਅੰਮ੍ਰਿਤਸਰ, ੨੫ ਮਾਰਚ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਡਾ. ਮਨਮੋਹਨ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਭਰਾ ਸ. ਸੁਰਜੀਤ ਸਿੰਘ ਕੋਹਲੀ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਅਤੇ ਕੀਰਤਨ ਵੀ ਸਰਵਣ ਕੀਤਾ। ਇਸ ਮੌਕੇ ਉਨ੍ਹਾਂ ਨੂੰ ਭਾਈ ਰਾਜਦੀਪ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ।

ਇਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਬਾਠ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਸਨਮਾਨ ‘ਚ ਸਿਰੋਪਾਓ, ਲੋਈ/ਸ਼ਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਯਾਤਰੂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਦਰਜ਼ ਕਰਦਿਆਂ ਲਿਖਿਆ ਕਿ ਮੇਰੇ ਲਈ ਇਹ ਕਿਰਪਾ ਵਾਲੀ ਗੱਲ ਹੈ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਿਆ ਹਾਂ।

 

ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸਕੱਤਰ ਸ. ਮਨਜੀਤ ਸਿੰਘ ਬਾਠ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਤੋਂ ਇਲਾਵਾ ਵਧੀਕ ਮੈਨੇਜਰ ਸ. ਸੁਖਰਾਜ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ. ਜਸਵਿੰਦਰ ਸਿੰਘ ਜੱਸੀ ਸੂਚਨਾ ਅਧਿਕਾਰੀ, ਸ. ਅੰਮ੍ਰਿਤਪਾਲ ਸਿੰਘ, ਸ. ਭਗਵੰਤਪਾਲ ਸਿੰਘ ਸੱਚਰ, ਸ. ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਮੇਤ ਹੋਰ ਹਾਜ਼ਰ ਸਨ।