ਵਾਤਾਵਰਣ ਦੀ ਸ਼ੁੱਧਤਾ ਲਈ ਸ਼੍ਰੋਮਣੀ ਕਮੇਟੀ ਨਿਰੰਤਰ ਯਤਨਸ਼ੀਲ –ਡਾ. ਰੂਪ ਸਿੰਘ


ਅੰਮ੍ਰਿਤਸਰ, ੧ ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਆਲੂ ਤੇ ਮੱਕੀ ਤੋਂ ਬਣੇ ਹੋਏ ਈਕੋ ਫਰੈਂਡਲੀ ਅਤੇ ਗਲਣਸ਼ੀਲ ਲਿਫਾਫਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਪਲਾਸਟਿਕ ਤੋਂ ਬਣੇ ਲਿਫਾਫੇ ਬੰਦ ਕਰਨ ਦਾ ਫੈਸਲਾ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਲਿਆ, ਜਿਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਹਾਇਤਾ ਨਾਲ ਲਾਗੂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਦੀ ਇੱਕ ਮੀਟਿੰਗ ਵਿਚ ਪ੍ਰਵਾਨਗੀ ਤੋਂ ਬਾਅਦ ਲੰਘੀ ੧੬ ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਆਹਲਾ ਅਧਿਕਾਰੀਆਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪਨੂੰ ਨਾਲ ਇੱਕ ਇਕੱਤਰਤਾ ਦੌਰਾਨ ਐਲਾਨ ਕੀਤਾ ਸੀ ਕਿ ਪਹਿਲੀ ਅਪ੍ਰੈਲ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਵਲ ਗਲਣਸ਼ੀਲ ਲਿਫਾਫੇ ਹੀ ਵਰਤੇ ਜਾਣਗੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਇਹ ਗਲਣਸ਼ੀਲ ਲਿਫਾਫੇ ਲਾਗੂ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਵਾਤਾਵਰਣ ਇੰਜੀਨੀਅਰ ਸ. ਜੀ.ਐਸ. ਮਜੀਠੀਆ ਮੌਜੂਦ ਸਨ। ਇਸ ਤੋਂ ਇਲਾਵਾ ਜਲੰਧਰ ਵਿਖੇ ਵਾਤਾਵਰਣ ਨਾਲ ਸਬੰਧਤ ਤਕਨੀਕ ‘ਤੇ ਆਧਾਰਤ ਇੱਕ ਸੈਮੀਨਾਰ ਵਿਚ ਭਾਗ ਲੈਣ ਵੱਖ ਵੱਖ ਦੇਸ਼ਾਂ ਤੋਂ ਪਹੁੰਚੇ ਵਾਤਾਵਰਣ ਦੀ ਸ਼ੁਧਤਾ ਲਈ ਕਾਰਜਸ਼ੀਲ ਪ੍ਰਤੀਨਿਧ ਵੀ ਇਸ ਮੌਕੇ ਹਾਜ਼ਰ ਹੋਏ।
ਇਸ ਸਮੇਂ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਤਾਵਰਣ ਦੀ ਸ਼ੁੱਧਤਾ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ ਇਸੇ ਅਨੁਸਾਰ ਹੀ ਇਹ ਫੈਸਲਾ ਲਿਆ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਧਿਆਤਮਿਕ ਕੇਂਦਰ ਹੋਣ ਕਾਰਨ ਇਥੋਂ ਮਿਲਦਾ ਸੁਨੇਹਾ ਸੰਗਤਾਂ ਲਈ ਵੱਡਾ ਪ੍ਰਭਾਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰਦੂਸ਼ਣ ਦੇ ਖਾਤਮੇ ਲਈ ਕੀਤੇ ਜਾ ਰਹੇ ਉਪਰਾਲ਼ਿਆਂ ਤਹਿਤ ਆਲੂ ਤੇ ਮੱਕੀ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਦੀ ਆਰੰਭਤਾ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਗਈ ਹੈ ਤਾਂ ਜੋ ਸੰਗਤਾਂ ਇਸ ਤੋਂ ਪ੍ਰੇਰਣਾ ਤੇ ਸੇਧ ਪ੍ਰਾਪਤ ਕਰਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂ ਕੜਾਹ ਪ੍ਰਸ਼ਾਦ ਆਪਣੇ ਨਾਲ ਲਿਜਾਣ ਲਈ ਲਿਫਾਫਿਆਂ ਦੀ ਵਰਤੋਂ ਕਰਦੇ ਹਨ ਅਤੇ ਇਸ ਤੋਂ ਇਲਾਵਾ ਪਿੰਨੀ ਪ੍ਰਸ਼ਾਦ ਲਈ ਵੀ ਲਿਫਾਫਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਬਦਲਵੇਂ ਲਿਫਾਫਿਆਂ ਦੇ ਪ੍ਰਬੰਧਾਂ ਸਬੰਧੀ ਡਾ. ਰੂਪ ਸਿੰਘ ਨੇ ਦੱਸਿਆ ਕਿ ਪਹਿਲੀ ਖੇਪ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਭੇਜੀ ਗਈ ਹੈ, ਜਿਸ ਵਿਚ ੧੮ ਕੁਇੰਟਲ ਲਿਫਾਫੇ ਹਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਲਿਫਾਫਿਆਂ ਦੀ ਆਪ ਕਰੀਦ ਕਰੇਗੀ, ਜਿਸ ਲਈ ਭਲਕੇ ੨ ਅਪ੍ਰੈਲ ਨੂੰ ਸਬ ਕਮੇਟੀ ਦੀ ਇਕੱਤਰਤਾ ਕੀਤੀ ਜਾ ਰਹੀ ਹੈ। ਡਾ. ਰੂਪ ਸਿੰਘ ਅਨੁਸਾਰ ਸੱਚਖੰਡ ਸ੍ਰੀ ਹਰਿੰਦਰ ਸਾਹਿਬ ਵਿਖੇ ਹਰ ਮਹੀਨੇ ੧੫ ਕੁਇੰਟਲ ਦੇ ਕਰੀਬ ਲਿਫਾਫਿਆਂ ਦੀ ਖਪਤ ਹੁੰਦੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਥਾਂ ਗਲਣਸ਼ੀਲ ਲਿਫਾਫਿਆਂ ਦੀ ਲੋਕਪੱਖੀ ਮੁਹਿੰਮ ਨੂੰ ਘਰ-ਘਰ ਵਿਚ ਲਾਗੂ ਕੀਤਾ ਜਾਵੇ ਤਾਂ ਜੋ ਪਲਾਸਟਿਕ ਦੇ ਨਾ ਗਲਣ ਕਾਰਨ ਪੈਦਾ ਹੁੰਦੇ ਮੰਦ ਪ੍ਰਭਾਵ ਤੋਂ ਸਮਾਜ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਵਧੀਕ ਮੈਨੇਜਰ ਸ. ਸੁਖਰਾਜ ਸਿੰਘ, ਸ. ਜਸਵਿੰਦਰ ਸਿੰਘ ਜੱਸੀ ਤੇ ਸ. ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ, ਇੰਜੀ: ਕਮਲਜੀਤ ਸਿੰਘ, ਸੋਸਾਨਾ ਗੋਵੀਆਂ (ਪੁਰਤਗਾਲ), ਕਲਾਡੀਆ (ਸਪੇਨ), ਉਜਾਰ ਕਰਾਸਾ (ਤੁਰਕੀ), ਕਰਿਸ਼ਨਾ ਰੈਡੀ (ਅਮਰੀਕਾ), ਕਾਈਮਨ ਸੀਹ (ਹਾਂਗਕਾਂਗ) ਆਦਿ ਮੌਜੂਦ ਸਨ।