ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੰਪਨੀ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ 02 ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਐਸਕਾਰਟਸ ਕੰਪਨੀ ਵੱਲੋਂ ਫਾਰਮਟਰੈਕ ਟਰੈਕਟਰ ਭੇਟ ਕੀਤਾ ਗਿਆ, ਜਿਸ ਦੀਆਂ ਚਾਬੀਆਂ ਕੰਪਨੀ ਦੇ ਸੀ.ਈ.ਓ. ਸ੍ਰੀ ਸ਼ੇਨੂ ਅਗਰਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੂੰ ਸੌਂਪੀਆਂ। ਇਸ ਮੌਕੇ ਕੰਪਨੀ ਅਧਿਕਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਏ ਅਤੇ ਕੰਪਨੀ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਹੋਰਾਂ ਨੇ ਟਰੈਕਟਰ ਭੇਟ ਕਰਨ ਪਹੁੰਚੇ ਅਧਿਕਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਨਹਿਰੀ ਮਾਡਲ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਸਵੀਰਾਂ ਦੇ ਕੇ ਸਨਾਮਨਿਤ ਕੀਤਾ।
ਇਸ ਦੌਰਾਨ ਕੰਪਨੀ ਦੇ ਸੀ.ਈ.ਓ. ਸ੍ਰੀ ਸ਼ੇਨੂ ਅਗਰਵਾਲ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੌਰਾਨ ਕੰਪਨੀ ਨੇ ਕਾਮਯਾਬੀ ਨਾਲ ਟੀਚਾ ਪੂਰਾ ਕੀਤਾ ਹੈ ਅਤੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਅੱਜ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਟਰੈਕਟਰ ਭੇਟ ਕਰਕੇ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਵਿੱਤੀ ਸਾਲ ਵਿਚ ਵੀ ਕੰਪਨੀ ਕਾਮਯਾਬੀ ਨਾਲ ਅੱਗੇ ਵਧੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਐਸਕਾਰਟਸ ਕੰਪਨੀ ਵੱਲੋਂ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਦਰ ਆਈਆਂ ਸੰਗਤਾਂ ‘ਤੇ ਗੁਰੂ ਸਾਹਿਬ ਆਪ ਕਿਰਪਾ ਕਰਦੇ ਹਨ। ਡਾ. ਰੂਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਸਰਬ ਸਾਂਝੇ ਅਸਥਾਨ ਹਨ ਅਤੇ ਇਥੇ ਸੰਗਤਾਂ ਸਮੇਂ-ਸਮੇਂ ਭੇਟਾਵਾਂ ਅਰਪਿਤ ਕਰਕੇ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਰਹਿੰਦੀਆਂ ਹਨ।
ਇਸ ਮੌਕੇ ਐਸਕਾਰਟਸ ਕੰਪਨੀ ਤੋਂ ਸ੍ਰੀ ਨੀਰਜ ਮਹਿਰਾ ਸੇਲਜ ਚੀਫ, ਸ੍ਰੀ ਵੀ. ਕੇ ਪੁਰੀ ਪਲੈਨਿੰਗ ਹੈੱਡ, ਸ੍ਰੀ ਸੰਜੀਵ ਮੋਹਨ ਸੇਲਜ ਚੀਫ, ਸ੍ਰੀ ਸੰਜੀਵ ਬਜਾਜ ਸਰਵਿਸ ਹੈੱਡ, ਸ੍ਰੀ ਰਜਨੀਸ਼ ਅਗਰਵਾਲ, ਸ੍ਰੀ ਅਸ਼ੋਕ ਗੁਪਤਾ ਮੈਨੂਫੈਕਚਰਿੰਗ ਹੈੱਡ, ਸ. ਅਮਨਦੀਪ ਸਿੰਘ ਭਾਟੀਆ ਗਰੁੱਪ ਹੈੱਡ, ਸ. ਬਲਜਿੰਦਰ ਸਿੰਘ ਰਾਣਾ ਸੇਲਜ ਚੀਫ, ਸ੍ਰੀ ਧੀਰਜ ਤਿਵਾੜੀ ਹੈੱਡ ਡੀਲਰ ਡਿਵੈਲਪਮੈਂਟ, ਸ. ਹਰਪ੍ਰੀਤ ਸਿੰਘ ਸਰਨ ਡਿਪਟੀ ਸੇਲਜ ਚੀਫ, ਸ੍ਰੀ ਵਿਵੇਕ ਮਲਿਕ ਡਿਪਟੀ ਸੇਲਜ ਚੀਫ, ਸ੍ਰੀ ਪ੍ਰਕਾਸ਼ ਵੋਹਰਾ ਬ੍ਰੈਂਡ ਹੈੱਡ, ਸ੍ਰੀ ਨਿਤਿਸ਼ ਸਚਾਨ ਡਿਪਟੀ ਸੇਲਜ ਹੈੱਡ, ਸ੍ਰੀ ਸ਼ਾਮ ਸੁੰਦਰ ਗੁਪਤਾ ਆਦਿ ਮੌਜੂਦ ਸਨ।