ਲੱਗਭਗ ੬ ਏਕੜ ਜਗ੍ਹਾ ਵਿਚ ਕੀਤੇ ਜਾਣਗੇ ਰਿਹਾਇਸ਼ ਦੇ ਪ੍ਰਬੰਧ
-ਸਰਾਂ ਲਈ ਅਕਾਲੀ ਬਾਗ ਵਾਲੀ ਥਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੇਖਿਆ ਮੌਕਾ

ਅੰਮ੍ਰਿਤਸਰ, ੧੫ ਅਪ੍ਰੈਲ – ਮਨੁੱਖਤਾ ਦੇ ਅਧਿਆਤਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਲਈ ਪੁੱਜਦੀਆਂ ਸੰਗਤਾਂ ਨੂੰ ਰਿਹਾਇਸ਼ ਦੀ ਸਹੂਲਤ ਵਿਚ ਹੋਰ ਵਿਸਥਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਤੇਜ ਕਰ ਦਿੱਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਪਾਪੜਾਂ ਵਾਲੇ ਬਜ਼ਾਰ ਨਾਲ ਲੱਗਦੇ ਅਕਾਲੀ ਬਾਗ ਵਾਲੀ ਮਾਰਕੀਟ ਵਿਖੇ ਸ਼੍ਰੋਮਣੀ ਕਮੇਟੀ ਦੀ ਕਰੀਬ ੬ ਏਕੜ ਜਗ੍ਹਾ ਵਿਚ ਸੰਗਤਾਂ ਦੇ ਰਹਿਣ ਲਈ ਵਿਸ਼ਾਲ ਸਰ੍ਹਾਂ ਬਣਾਉਣ ਦੀ ਪਿਛਲੇ ਸਮੇਂ ਤੋਂ ਵਿਚਾਰ ਅਧੀਨ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਵਾਈ ਆਰੰਭਣ ਲਈ ਕਿਹਾ ਹੈ। ਇਸੇ ਤਹਿਤ ਹੀ ਭਾਈ ਲੌਂਗੋਵਾਲ ਨੇ ਅੱਜ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਇਮਾਰਤੀ ਵਿਭਾਗ ਦੇ ਨੁਮਾਇੰਦਿਆਂ ਨਾਲ ਖੁਦ ਜਾ ਕੇ ਅਕਾਲੀ ਬਾਗ ਵਿਖੇ ਜਗ੍ਹਾ ਦਾ ਮੌਕਾ ਦੇਖਿਆ ਅਤੇ ਇਥੇ ਜਲਦ ਕੰਮ ਆਰੰਭਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀਆਂ ਹਨ, ਜਿਨ੍ਹਾਂ ਦੀ ਰਿਹਾਇਸ਼ ਲਈ ਆਉਂਦੀ ਸਮੱਸਿਆ ਨੂੰ ਦੂਰ ਕਰਨ ਲਈ ਇਥੇ ਅਕਾਲੀ ਬਾਗ ਵਾਲੀ ਜਗ੍ਹਾ ਤੇ ਸਰਾਂ ਬਣਾਈ ਜਾਵੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਰਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਵਿਚ ਵੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੰਗਤਾਂ ਦੀ ਆਮਦ ਵਿਚ ਵੱਡਾ ਵਾਧਾ ਹੋਇਆ ਹੈ, ਜਿਸ ਨਾਲ ਰਿਹਾਇਸ਼ ਦੇ ਪ੍ਰਬੰਧਾਂ ਵਿਚ ਮੁਸ਼ਕਿਲ ਆਉਣੀ ਸੁਭਾਵਿਕ ਹੈ ਅਤੇ ਇਸੇ ਲੋੜ ਮੁਤਾਬਿਕ ਹੀ ਸ਼੍ਰੋਮਣੀ ਕਮੇਟੀ ਹੋਰ ਰਿਹਾਇਸ਼ ਬਣਾਉਣ ਲਈ ਯਤਨ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਾਂ ਦੇ ਪਹਿਲੇ ਪੜਾਅ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਿਵਾਸ ਦੇ ਬਣਨ ਨਾਲ ਸੰਗਤਾਂ ਨੂੰ ਰਹਿਣ ਲਈ ਕਮਰਿਆਂ ਦੀ ਮੁਸ਼ਕਿਲ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਕੱਤਰ, ਸ. ਸੁਖਜਿੰਦਰ ਸਿੰਘ ਐਸ.ਡੀ.ਓ ਅਤੇ ਸ. ਦਰਸ਼ਨ ਸਿੰਘ ਨਿੱਜੀ ਸਹਾਇਕ ਵੀ ਮੌਜੂਦ ਸਨ।