ਅੰਮ੍ਰਿਤਸਰ, 28 ਜੁਲਾਈ-

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਵਿਜੈ ਬੈਂਕ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਭੇਟ ਕੀਤੀਆਂ ਗਈਆਂ ਹਨ, ਜਿਸ ਦੀਆਂ ਚਾਬੀਆਂ ਅੱਜ ਬੈਂਕ ਅਧਿਕਾਰੀਆਂ ਪਾਸੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਪ੍ਰਾਪਤ ਕੀਤੀਆਂ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਬੈਂਕ ਦੇ ਐਮ.ਡੀ. ਅਤੇ ਸੀ.ਈ.ਓ. ਸ੍ਰੀ ਆਰ. ਏ. ਸ਼ੰਕਰਾ ਨਰਾਇਣਨ, ਐਗਜੈਕਟਿਵ ਡਾਇਰੈਕਟਰ ਸ੍ਰੀ ਵਾਈ. ਨਾਗੇਸ਼ਵਰ ਰਾਓ, ਸ੍ਰੀ ਮੁਰਲੀ ਰਾਮਾ ਸਵਾਮੀ, ਚੀਫ ਵਿਜੀਲੈਂਸ ਅਫ਼ਸਰ ਸ. ਜੀ.ਐਸ. ਨਾਰੰਗ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸਿਰੋਪਾਓ, ਲੋਈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ। ਸ੍ਰੀ ਆਰ. ਏ. ਸ਼ੰਕਰਾ ਨਰਾਇਣਨ ਨੇ ਕਿਹਾ ਕਿ ਵਿਜੈ ਬੈਂਕ ਵੱਲੋਂ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ 8 ਬੈਟਰੀ ਗੱਡੀਆਂ ਭੇਟ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਅੱਜ ਇਕ ਗੱਡੀ ਸੰਗਤ ਅਰਪਣ ਕੀਤੀ ਗਈ ਹੈ ਅਤੇ ਜਲਦ ਹੀ ਬਾਕੀ ਗੱਡੀਆਂ ਵੀ ਪੁੱਜਦਾ ਕਰ ਦਿੱਤੀਆਂ ਜਾਣਗੀਆਂ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਵਿਜੈ ਬੈਂਕ ਵੱਲੋਂ ਸੰਗਤਾਂ ਦੀ ਸੇਵਾ ਲਈ 8 ਬੈਟਰੀ ਨਾਲ ਚੱਲਣਾ ਵਾਲੀਆਂ ਗੱਡੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 30 ਲੱਖ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਡੀਆਂ ਨਾਲ ਜਿਥੇ ਸੰਗਤਾਂ ਨੂੰ ਆਉਣ-ਜਾਣ ਦੀ ਸਹੂਲਤ ਮਿਲੇਗੀ, ਉਥੇ ਹੀ ਬੈਟਰੀ ਨਾਲ ਚੱਲਣ ਕਾਰਨ ਪ੍ਰਦੂਸ਼ਣ ਤੋਂ ਰਾਹਤ ਵੀ ਮਿਲੇਗੀ। ਡਾ. ਰੂਪ ਸਿੰਘ ਨੇ ਬੈਂਕ ਅਧਿਕਾਰੀਆਂ ਦਾ ਇਸ ਸੇਵਾ ਲਈ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸਾਬਕਾ ਸਕੱਤਰ ਸ. ਸਤਬੀਰ ਸਿੰਘ ਧਾਮੀ, ਸ. ਮੁਖਤਾਰ ਸਿੰਘ ਮੈਨੇਜਰ, ਬੈਂਕ ਦੇ ਰਿਜਨਲ ਮੈਨੇਜਰ ਲੁਧਿਆਣਾ ਸ੍ਰੀ ਕੇ.ਵੀ. ਜੈਚੰਦਰਨ, ਚੀਫ਼ ਮੈਨੇਜਰ ਅੰਮ੍ਰਿਤਸਰ ਸ੍ਰੀ ਸ਼ੈਲੇਸ ਪਾਂਡੇ, ਸ. ਇਕਬਾਲ ਸਿੰਘ ਮੁਖੀ ਵਧੀਕ ਮੈਨੇਜਰ, ਭਾਈ ਪਰਮਜੀਤ ਸਿੰਘ ਖਾਲਸਾ ਫੈਡਰੇਸ਼ਨ ਆਗੂ, ਸ. ਜਸਪਾਲ ਸਿੰਘ ਢੱਡੇ ਮੀਤ ਮੈਨੇਜਰ, ਸ. ਸਤਪਾਲ ਸਿੰਘ ਧਰਮਕੋਟ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਜਤਿੰਦਰਪਾਲ ਸਿੰਘ, ਸ. ਕਰਤਾਰ ਸਿੰਘ ਇੰਚਾਰਜ ਆਦਿ ਮੌਜੂਦ ਸਨ।