ਅੰਮ੍ਰਿਤਸਰ, ੨੬ ਫ਼ਰਵਰੀ– ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਲੁਧਿਆਣਾ ਦੇ ਹਲਕਾ ਦੁਰਾਹਾ ਤੇ ਪਾਇਲ ਦੀ ਵੱਡੀ ਗਿਣਤੀ ਵਿਚ ਸੰਗਤ ਵੱਲੋਂ ਸ਼ਰਧਾ ਨਾਲ ਲੰਗਰ ਸੇਵਾ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੀ ਅਗਵਾਈ ਵਿਚ ਬੀਤੇ ਕੱਲ੍ਹ ਸੇਵਾ ਕਰਨ ਪੁੱਜੀ ਸੰਗਤ ਨੂੰ ਅੱਜ ਸੇਵਾ ਦੀ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਤੇ ਸ. ਮੁਖਤਾਰ ਸਿੰਘ ਨੇ ਸਾਂਝੇ ਤੌਰ ‘ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਨਤਮਸਤਕ ਹੁੰਦੀ ਵੱਡੀ ਗਿਣਤੀ ਸੰਗਤ ਲੰਗਰ ਛਕ ਕੇ ਤ੍ਰਿਪਤ ਹੁੰਦੀ ਹੈ ਅਤੇ ਉਹ ਵਡਭਾਗੇ ਹਨ ਕਿ ਉਨ੍ਹਾਂ ਨੂੰ ਹਲਕੇ ਦੀ ਸੰਗਤ ਸਮੇਤ ਇਥੇ ਲੰਗਰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਰਾਹਾ ਹਲਕੇ ਦੀ ਸੰਗਤ ਵੱਲੋਂ ਹਰ ਸਾਲ ਲੰਗਰ ਸੇਵਾ ਕਰਨ ਪੁੱਜਦੀ ਹੈ ਅਤੇ ਇਸ ਸਬੰਧੀ ਸੰਗਤ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਰਸਦਾਂ ਭੇਟ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਲੰਗਰ ਸੇਵਾ ਦੌਰਾਨ ਦੋ ਦਿਨ ਦੋਰਾਹਾ ਹਲਕੇ ਦੀ ਸੰਗਤ ਨੇ ਜਿਥੇ ਲੰਗਰ ਤਿਆਰ ਕਰਨ, ਬਰਤਨ ਸਾਫ਼ ਕਰਨ ਤੇ ਸਫਾਈ ਆਦਿ ਦੀ ਸੇਵਾ ਕੀਤੀ, ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਵੀ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਸੰਗਤ ਵੱਲੋਂ ਸੇਵਾ ਦੌਰਾਨ ੭੫ ਕੁਇੰਟਲ ਆਟਾ, ੧੨ ਕੁਇੰਟਲ ਦਾਲ, ੧੮ ਕੁਇੰਟਲ ਖੰਡ, ੧੬ ਕੁਇੰਟਲ ਚਾਵਲ, ੧੬ ਕੁਇੰਟਲ ਕਣਕ, ੩੧ ਕੁਇੰਟਲ ਦੁੱਧ, ੬੪ ਕਿਲੋ ਰਿਫਾਇੰਡ, ੨੦੯ ਕਿਲੋ ਡਾਲਡਾ ਘਿਓ, ੩੨੭ ਕਿਲੋ ਦੇਸੀ ਘਿਓ, ੨੦੦ ਕਿਲੋ ਪਨੀਰ ਤੋਂ ਇਲਾਵਾ ਤੇਲ, ਚਾਹ ਮਸਾਲਾ, ਦੇਗੀ ਮਿਰਚ, ਸਬਜ਼ੀਆਂ, ਅਚਾਰ ਤੇ ਚਾਹ ਪੱਤੀ ਆਦਿ ਰਸਦਾਂ ਲਿਆਂਦੀਆਂ ਗਈਆਂ ਹਨ। ਇਸ ਮੌਕੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੇ ਨਾਲ ਵੱਖ-ਵੱਖ ਪਿੰਡਾਂ ਦੇ ਸੰਗਤ ਵਿੱਚ ਸ. ਦਵਿੰਦਰ ਸਿੰਘ ਚੀਮਾ ਟਿੰਬਰਵਾਲ, ਸ. ਬੱਗਾ ਸਿੰਘ ਸੋਹੀਆਂ, ਸ. ਕੁਲਬੀਰ ਸਿੰਘ ਸੋਹੀਆਂ, ਸ. ਬਲਦੇਵ ਸਿੰਘ ਸੇਖਾ, ਸ. ਬਹਾਦਰ ਸਿੰਘ, ਸ. ਅਮਰਜੀਤ ਸਿੰਘ, ਸ. ਗੁਰਜੀਤ ਸਿੰਘ, ਸ. ਸ਼ਮਿੰਦਰ ਸਿੰਘ, ਸ. ਤਾਰਾ ਸਿੰਘ, ਸ. ਗੁਰਦੀਪ ਸਿੰਘ ਅੜੈਚਾਂ, ਸ. ਜਰਨੈਲ ਸਿੰਘ, ਸ. ਸੁਖਵਿੰਦਰ ਸਿੰਘ, ਸ. ਸਰਬਜੀਤ ਸਿੰਘ, ਸ. ਬਚਿੱਤਰ ਸਿੰਘ, ਬੀਬੀ ਸੁਖਵਿੰਦਰ ਕੌਰ, ਸ. ਸੋਹਣ ਸਿੰਘ ਭੰਗੂ, ਸ. ਜਗਦੇਵ ਸਿੰਘ ਪ੍ਰਧਾਨ, ਸ. ਮੰਗਤ ਰਾਏ ਸਿੰਘ, ਸ. ਰਣਜੀਤ ਸਿੰਘ, ਸ. ਗੁਰਬੀਰ ਸਿੰਘ ਲੱਖੀ ਆਦਿ ਮੌਜੂਦ ਸਨ।