ਅੰਮ੍ਰਿਤਸਰ, 15 ਅਗਸਤ-
ਬੀ.ਐਸ.ਐਫ. ਅਤੇ ਆਈ.ਟੀ.ਬੀ.ਪੀ. ਫੋਰਸ ਦੇ ਡੀ.ਜੀ. ਸ੍ਰੀ ਐਸ.ਐਸ. ਦੇਸਵਾਲ ਆਈ.ਪੀ.ਐਸ. ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸ਼ਰਧਾ ਨਾਲ ਗੁਰਬਾਣੀ ਕੀਰਤਨ ਸਰਵਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਇਥੇ ਸਥਿਤ ਹੋਰ ਅਸਥਾਨਾਂ ਦੇ ਮਹੱਤਵ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਵਿਸ਼ੇਸ਼ ਰੁਚੀ ਦਿਖਾਈ। ਸ੍ਰੀ ਦੇਸਵਾਲ ਦੇ ਨਾਲ ਬੀ.ਐਸ.ਐਫ. ਦੇ ਏ.ਡੀ.ਜੀ. ਸ੍ਰੀ ਐਸ.ਐਸ. ਪਨਵਾਰ, ਆਈ.ਜੀ. ਸ੍ਰੀ ਮਹੀਪਾਲ ਯਾਦਵ, ਸ੍ਰੀ ਐਮ.ਐਸ. ਰਾਵਤ, ਸ੍ਰੀ ਦਲਜੀਤ ਚੌਧਰੀ ਅਤੇ ਡੀ.ਆਈ.ਜੀ. ਸ੍ਰੀ ਡੀ.ਕੇ. ਬੂਰਾ ਵੀ ਮੌਜੂਦ ਸਨ। ਇਸੇ ਦੌਰਾਨ ਸ੍ਰੀ ਦੇਸਵਾਲ ਅਤੇ ਉਨ੍ਹਾਂ ਨਾਲ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਚਰਨਜੀਤ ਸਿੰਘ ਕਾਲੇਵਾਲ, ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸ. ਰਜਿੰਦਰ ਸਿੰਘ ਰੂਬੀ ਨੇ ਗੁਰੂ ਬਖਸ਼ਿਸ਼ ਸਿਰੋਪਾਓ, ਲੋਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡੀ.ਜੀ. ਸ੍ਰੀ ਦੇਸਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਮਿਲਿਆ ਹੈ। ਇਹ ਪਾਵਨ ਅਸਥਾਨ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਬੇਹੱਦ ਸ਼ਰਧਾ ਦਾ ਪ੍ਰਤੀਕ ਹੈ। ਇਸ ਮੌਕੇ ਸੂਚਨਾਂ ਅਧਿਕਾਰੀ ਸ. ਹਰਿੰਦਰ ਸਿੰਘ ਰੋਮੀ ਅਤੇ ਸ. ਜਤਿੰਦਰਪਾਲ ਸਿੰਘ ਵੀ ਮੌਜੂਦ ਸਨ।