ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਕੀਤਾ ਸਨਮਾਨਿਤ

sanman-2-1-17

ਅੰਮ੍ਰਿਤਸਰ, 2 ਜਨਵਰੀ (     ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਸੈਂਟਰਲ ਬੋਰਡ ਫਾਰ ਡਾਇਰੈਕਟ ਟੈਕਸਿਸ ਦੇ ਚੇਅਰਮੈਨ ਸ੍ਰੀ ਸੁਸ਼ੀਲ ਚੰਦਰਾ ਨੇ ਪਰਿਵਾਰ ਸਮੇਤ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਨੀਲੂ ਚੰਦਰਾ, ਪੁੱਤਰ ਸੋਰਭ ਚੰਦਰਾ, ਨੂੰਹ ਆਸਥਾ ਚੰਦਰਾ ਅਤੇ ਡਾਇਰੈਕਟਰ ਜਨਰਲ ਇਨਵੈਸਟੀਗੇਸ਼ਨ ਮਧੂ ਮਹਾਜਨ ਵੀ ਉਨ੍ਹਾਂ ਦੇ ਨਾਲ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਇਥੇ ਸਥਿਤ ਹੋਰ ਅਸਥਾਨਾਂ ਦੀ ਇਤਿਹਾਸਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਮੁੱਖ ਸਕੱਤਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀ ਗੁਰੂ ਨਾਨਕ ਨਾਮ-ਲੇਵਾ ਸੰਗਤ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਦੱਸਿਆ ਕਿ ਇਹ ਪਾਵਨ ਅਸਥਾਨ ਸਮੁੱਚੀ ਮਨੁੱਖਤਾ ਦੀ ਅਧਿਆਤਮਿਕ ਤ੍ਰਿਪਤੀ ਦਾ ਸੋਮਾ ਹੈ ਅਤੇ ਇਥੇ ਹਰ ਧਰਮ ਦੇ ਲੋਕ ਸ਼ਰਧਾ ਤੇ ਸਤਿਕਾਰ ਨਾਲ ਹਾਜ਼ਰੀ ਭਰਦੇ ਹਨ। ਉਨ੍ਹਾਂ ਸ੍ਰੀ ਸੁਸ਼ੀਲ ਚੰਦਰਾ ਨੂੰ ਸ੍ਰੀ ਗੁਰੂ ਰਾਮਦਾਸ ਲੰਗਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਲੰਗਰ ਘਰ ਹੈ, ਜਿਥੇ ਰੋਜ਼ਾਨਾਂ ਲੱਖਾਂ ਸੰਗਤਾਂ ਲੰਗਰ ਛਕਦੀਆਂ ਹਨ। ਉਨ੍ਹਾਂ ਸੰਗਤ ਵੱਲੋਂ ਸ਼ਰਧਾ ਨਾਲ ਕੀਤੀ ਜਾਂਦੀ ਸੇਵਾ ਦੀ ਜਾਣਕਾਰੀ ਵੀ ਸ੍ਰੀ ਚੰਦਰਾ ਨੂੰ ਦਿੱਤੀ ਅਤੇ ਆਏ ਸਾਰੇ ਮਹਿਮਾਨਾਂ ਨੂੰ ਹਰਿ ਕੀ ਪੌੜੀ ਤੇ ਸੁਸ਼ੋਭਿਤ ਹੱਥ ਲਿਖਤ ਬੀੜ ਸਾਹਿਬ ਦੇ ਦਰਸ਼ਨ ਵੀ ਕਰਵਾਏ।  
ਇਸ ਮੌਕੇ ਸ੍ਰੀ ਸੁਸ਼ੀਲ ਚੰਦਰਾ ਨੇ ਆਪਣੇ ਮਨੋਭਾਵ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੁਕੱਦਸ ਅਸਥਾਨ ‘ਤੇ ਆ ਕੇ ਉਨ੍ਹਾਂ ਨੂੰ ਆਤਮਿਕ ਸਕੂਨ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗਤਾਂ ਦੀ ਭਰਵੀਂ ਪ੍ਰਸੰਸਾ ਕਰਦਿਆਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਈਆਂ ਸੰਗਤਾਂ ਲਾਈਨਾਂ ਲਗਾਕੇ ਬੜੇ ਅਦਬ-ਸਤਿਕਾਰ ਤੇ ਜ਼ਾਬਤੇ ਨਾਲ ਗੁਰੂ-ਘਰ ਦੇ ਦਰਸ਼ਨਾਂ ਦੀ ਤਾਂਘ ਵਿਚ ਸ਼ਾਂਤੀ ਪੂਰਵਕ ਖੜੀਆਂ ਹੋਈਆਂ ਹਨ ਜੋ ਕਿ ਉਨ੍ਹਾਂ ਦੀ ਸੱਚੀ ਆਸਥਾ ਦਾ ਪ੍ਰਗਟਾਵਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਵੱਲੋਂ ਇਸ ਪਾਵਨ ਅਸਥਾਨ ਬਾਰੇ ਦਿੱਤੀ ਗਈ ਵਡਮੁੱਲੀ ਜਾਣਕਾਰੀ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਸ੍ਰੀ ਸੁਸ਼ੀਲ ਚੰਦਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਭੇਟ ਕਰ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਪ੍ਰਨੀਤ ਸਿੰਘ ਸਚਦੇਵ ਪ੍ਰਿੰਸੀਪਲ ਡਾਇਰੈਕਟਰ ਇਨਕਮ ਟੈਕਸ, ਸ੍ਰੀ ਬੀ.ਕੇ. ਝਾਅ ਚੀਫ ਕਮਿਸ਼ਨਰ ਅੰਮ੍ਰਿਤਸਰ, ਸ. ਸੁਰਿੰਦਰਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਤੇ ਸ. ਹਰਪ੍ਰੀਤ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।