ਅੰਮ੍ਰਿਤਸਰ, ੨੮ ਜੂਨ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਆਪਣੇ ਨਵੇਂ ਬਣਾਏ ਘਰ ‘ਚ ਪ੍ਰਵੇਸ਼ ਕਰਨ ਸਮੇਂ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਉੱਘੀਆਂ ਧਾਰਮਿਕ, ਪੰਥਕ ਅਤੇ ਸਮਾਜਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਤੇ ਉਪਰੰਤ ਸਥਾਨਕ ਪ੍ਰਤਾਪ ਨਗਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸ. ਦਿਲਜੀਤ ਸਿੰਘ ਬੇਦੀ ਨੂੰ ਨਵੇਂ ਘਰ ਦੀ ਵਧਾਈ ਦਿੰਦਿਆਂ ਸ. ਬੇਦੀ ਦੀਆਂ ਸਾਹਿਤਕ ਅਤੇ ਪੰਥਕ ਖੇਤਰ ਵਿਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸ. ਬੇਦੀ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜ਼ੁੰਮੇਵਾਰ ਅਹੁਦਿਆਂ ‘ਤੇ ਸੇਵਾ ਨਿਭਾਉਂਦੇ ਆ ਰਹੇ ਹਨ ਅਤੇ ਇਸ ਦੌਰਾਨ ਇਨ੍ਹਾਂ ਨੂੰ ਕਈ ਪੰਥਕ ਸ਼ਖ਼ਸੀਅਤਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਪੰਥਕ ਸੰਸਥਾ ਵਿਚ ਰਹਿ ਕੇ ਕੀਤੇ ਗਏ ਸਾਹਿਤਕ ਕਾਰਜ ਭਵਿੱਖ ਅੰਦਰ ਖੋਜਕਾਰਾਂ ਲਈ ਲਾਹੇਵੰਦਾ ਸਾਬਤ ਹੋਣਗੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ੯੬ਵੇਂ ਕਰੋੜੀ ਨੇ ਕਿਹਾ ਕਿ ਸ. ਦਿਲਜੀਤ ਸਿੰਘ ਬੇਦੀ ਨੇ ਆਪਣੇ ਪਿਤਾ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਕਦਮ ਚਿੰਨ੍ਹਾਂ ‘ਤੇ ਚੱਲ ਕੇ ਸਮਾਜ ਵਿਚ ਚੰਗਾ ਨਾਂ ਬਣਾਇਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸ. ਬੇਦੀ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸੇਵਾਵਾਂ ਸੌਂਪੀਆਂ ਜਾਣਗੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਜੋਗਿੰਦਰ ਸਿੰਘ ਅਦਲੀਵਾਲ ਤੇ ਸ. ਸਤਬੀਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ ਅਤੇ ਸ. ਬੇਦੀ ਨੂੰ ਗ੍ਰਹਿ ਪ੍ਰਵੇਸ਼ ਦੀ ਵਧਾਈ ਦਿੱਤੀ। ਇਸ ਦੌਰਾਨ ਬਾਬਾ ਬਲਬੀਰ ਸਿੰਘ, ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ. ਦਿਲਜੀਤ ਸਿੰਘ ਬੇਦੀ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤਾ, ਜਦਕਿ ਬੇਦੀ ਪਰਿਵਾਰ ਵੱਲੋਂ ਵੀ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਬਾਬਾ ਬਲਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਬੇਦੀ ਨੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਬਾਬਾ ਗੁਰਪਿੰਦਰ ਸਿੰਘ ਗੁਰੂਸਰ ਸਤਲਾਣੀ ਸਾਹਿਬ, ਸ. ਇੰਦਰਜੀਤ ਸਿੰਘ ਬਾਸਰਕੇ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਰਾਮ ਸਿੰਘ ਭਿੰਡਰ, ਸ. ਕਰਮਬੀਰ ਸਿੰਘ ਕਿਆਮਪੁਰ, ਸ. ਤੇਜਿੰਦਰ ਸਿੰਘ ਪੱਡਾ, ਸ. ਅਮਰੀਕ ਸਿੰਘ ਬਮਰਾਹ ਇੰਦੌਰ, ਡਾ. ਹਰਚੰਦ ਸਿੰਘ ਬੇਦੀ, ਸ. ਦਿਸ਼ਾਦੀਪ ਸਿੰਘ ਵਾਰਸ, ਸ. ਮੁਖਤਾਰ ਸਿੰਘ ਮੈਨੇਜਰ ਸਰਾਵਾਂ, ਸ. ਰਾਜਿੰਦਰ ਸਿੰਘ ਰੂਬੀ, ਸ. ਲਖਵਿੰਦਰ ਸਿੰਘ ਬੱਦੋਵਾਲ, ਸ. ਹਰਭਜਨ ਸਿੰਘ ਵਕਤਾ, ਪੱਤਰਕਾਰ ਭਾਈਚਾਰੇ ਵਿੱਚੋਂ ਸ. ਜਸਵੰਤ ਸਿੰਘ ਜੱਸ, ਸ. ਜਗਤਾਰ ਸਿੰਘ ਲਾਂਬਾ, ਸ. ਅੰਮ੍ਰਿਤਪਾਲ ਸਿੰਘ, ਸ. ਜੋਗਿੰਦਰਪਾਲ ਸਿੰਘ ਕੁੰਦਰਾ, ਸ. ਗੁਰਦਿਆਲ ਸਿੰਘ, ਸ. ਅਮਰਜੀਤ ਸਿੰਘ ਭਾਟੀਆ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।