ਅੰਮ੍ਰਿਤਸਰ 5 ਅਪ੍ਰੈਲ (      ) ਸ. ਰਘੂਜੀਤ ਸਿੰਘ ਵਿਰਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਹਰਿਆਣਾ ਦੀਆਂ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ‘ਚ ਸੇਵਾ ਕੀਤੀ।ਸ. ਰਘੂਜੀਤ ਸਿੰਘ ਵਿਰਕ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਲੰਗਰ ਦੀ ਪ੍ਰਥਾ ਚਲਾਉਣ ਦੇ ਸੱਚੇ-ਸੁੱਚੇ ਮਾਰਗ ‘ਤੇ ਚੱਲਦਿਆਂ ਹੋਇਆ ਹਰਿਆਣਾ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ ਹੈ।ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਵੱਡੀ ਮਹਾਨਤਾ ਹੈ ਅਤੇ ਇਥੇ ਬਿਨਾਂ ਭੇਦ-ਭਾਵ, ਰੰਗ, ਨਸਲ ਅਤੇ ਜਾਤ-ਪਾਤ ਤੋਂ ਸਮੁੱਚੀ ਮਾਨਵਤਾ ਇਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀ ਹੈ।ਇਹ ਲੰਗਰ ਘਰ ਸਮੁੱਚੀ ਦੁਨੀਆਂ ਵਿਚੋਂ ਇਸ ਕਰਕੇ ਵਿਲੱਖਣ ਹੈ ਕਿਉਂਕਿ ਇਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਲੰਗਰ ਛੱਕ ਕੇ ਤ੍ਰਿਪਤ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਸੰਗਤਾਂ ਧੰਨਤਾਯੋਗ ਹਨ ਜਿਨ੍ਹਾਂ ਨੂੰ ਸੇਵਾ ਕਰਨ ਦਾ ਮੁੜ ਸੁਭਾਗ ਪ੍ਰਾਪਤ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਾਸਤੇ ਆਟਾ ੩੮੫ ਕੁਇੰਟਲ, ਦਾਲ ੩੪ ਕੁਇੰਟਲ, ਤਾਜਾ ਦੁੱਧ ੪੧ ਕੁਇੰਟਲ, ਖੰਡ ੫੭ ਕੁਇੰਟਲ, ਚਾਵਲ ੧੩੫ ਕੁਇੰਟਲ, ਦੇਸੀ ਘਿਉ ੩ ਕੁਇੰਟਲ, ਪਿਆਜ਼ ੨੦ ਕੁਇੰਟਲ ਤੇ ਪਨੀਰ ੩੨੪ ਕਿਲੋ ਤੋਂ ਇਲਾਵਾ ਹੋਰ ਰਸਦਾਂ ਭੇਟ ਕੀਤੀਆਂ ਗਈਆਂ ਹਨ।ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਤੇ ਸ. ਗੁਰਿੰਦਰ ਸਿੰਘ ਮੈਨੇਜਰ ਸਰਾਵਾਂ ਨੇ ਸ. ਰਘੂਜੀਤ ਸਿੰਘ ਵਿਰਕ ਅਤੇ ਉਨ੍ਹਾਂ ਨਾਲ ਆਈਆਂ ਸੰਗਤਾਂ ਨੂੰ ਸਨਮਾਨਿਤ ਕੀਤਾ।