ਅੰਮ੍ਰਿਤਸਰ, 23 ਜੂਨ- ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸੰਗਤਾਂ ਵੱਲੋਂ ਨਿਰੰਤਰ ਰਸਦਾਂ ਅਤੇ ਮਾਇਆ ਭੇਟ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਅਤੇ ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਦੀਆਂ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੰਗਰ ਲਈ ਆਟਾ, ਕਣਕ, ਖੰਡ, ਘਿਓ, ਦਾਲਾਂ ਅਤੇ ਹੋਰ ਰਸਦਾਂ ਲੈ ਕੇ ਪਹੁੰਚੀਆਂ। ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦੀ ਅਗਵਾਈ ਵਿਚ ਪਹੁੰਚੀਆਂ ਸੰਗਤਾਂ ਵੱਲੋਂ  ਇੱਕ ਲੱਖ ਰੁਪਏ ਨਗਦ ਰਾਸ਼ੀ ਵੀ ਭੇਟ ਕੀਤੀ ਗਈ। ਰਸਦਾਂ ਲੈ ਕੇ ਪਹੁੰਚੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਅਤੇ ਐਡੀ. ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਸਨਮਾਨਿਤ ਕੀਤਾ।
ਇਸ ਮੌਕੇ ਡਾ. ਰੂਪ ਸਿੰਘ ਨੇ ਆਖਿਆ ਕਿ ਗੁਰੂ ਘਰਾਂ ਦੇ ਲੰਗਰਾਂ ਲਈ ਰਸਦਾਂ ਤੇ ਮਾਇਆ ਭੇਟ ਕਰਨ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਸ੍ਰੀ ਗੁਰੂ ਰਾਮਦਾਸ ਲੰਗਰ ਲਈ ਰੋਜ਼ਾਨਾ ਵੱਖ-ਵੱਖ ਹਲਕਿਆਂ ਤੋਂ ਸੰਗਤਾਂ ਕਣਕ ਅਤੇ ਹੋਰ ਰਸਦਾਂ ਲੈ ਕੇ ਪੁੱਜ ਰਹੀਆਂ ਹਨ। ਇਹ ਸੰਗਤ ਵੱਲੋਂ ਗੁਰੂ ਘਰ ਪ੍ਰਤੀ ਸ਼ਰਧਾ ਤੇ ਸਤਿਕਾਰ ਹੈ। ਉਨ੍ਹਾਂ ਲੰਗਰਾਂ ਲਈ ਰਸਦਾਂ ਲੈ ਕੇ ਪੁੱਜ ਰਹੀਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਹਲਕਾ ਕਾਦੀਆਂ ਤੇ ਬਟਾਲਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਰਸਦਾਂ ਲੈ ਕੇ ਹਾਜ਼ਰ ਹੋਏ ਹਨ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਰਹਿਮਤ ਕਰਨ ਸੰਗਤਾਂ ਇਸੇ ਤਰ੍ਹਾਂ ਗੁਰੂ ਕੇ ਲੰਗਰਾਂ ਲਈ ਸੇਵਾਵਾਂ ਨਿਭਾਉਂਦੀਆਂ ਰਹਿਣ। ਜ਼ਿਕਰਯੋਗ ਹੈ ਕਿ ਹਲਕਾ ਕਾਦੀਆਂ ਦੀਆਂ ਸੰਗਤਾਂ ਵੱਲੋਂ ਪਹਿਲਾ ਵੀ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਲਈ ਰਸਦਾਂ ਭੇਟ ਕੀਤੀਆਂ ਗਈਆਂ ਸਨ।
ਇਸ ਮੌਕੇ ਸ. ਕੰਵਲਪ੍ਰੀਤ ਸਿੰਘ ਕਾਕੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸ. ਦਵਿੰਦਰਪਾਲ ਸਿੰਘ ਭਾਟੀਆ ਐਕਸੀਅਨ ਮੰਡੀ ਬੋਰਡ, ਐਡੀ. ਮੈਨੇਜਰ ਸ. ਸੁਖਬੀਰ ਸਿੰਘ, ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਭਾਟੀਆ, ਐਡਵੋਕੇਟ ਰਜਿੰਦਰ ਸਿੰਘ ਪਦਮ, ਸ. ਕਰਤਾਰ ਸਿੰਘ, ਸ. ਕੁਲਵੰਤ ਸਿੰਘ ਕੌਂਸਲਰ, ਸ. ਸੁਖਪ੍ਰੀਤ ਸਿੰਘ ਭਾਟੀਆ ਕੌਂਸਲਰ, ਮਾਸਟਰ ਜੋਗਿੰਦਰ ਸਿੰਘ ਅਚਲੀਗੇਟ, ਸ. ਰੁਪਿੰਦਰ ਸਿੰਘ ਸਾਬੀ, ਸ. ਲਖਵਿੰਦਰ ਸਿੰਘ, ਸ. ਅਰਸ਼ਪ੍ਰੀਤ ਸਿੰਘ ਭਾਟੀਆ, ਸ. ਸੱਚਪ੍ਰੀਤ ਸਿੰਘ, ਸ. ਦਵਿੰਦਰ ਸਿੰਘ ਲਾਲੀ ਮੈਨੇਜਰ, ਸ. ਸਰਬਜੀਤ ਸਿੰਘ, ਸ. ਗੁਰਿੰਦਰ ਸਿੰਘ ਸੈਦਪੁਰ, ਸ. ਰੇਸ਼ਮ ਸਿੰਘ ਖਹਿਰਾ, ਸ. ਗੁਰਵਿੰਦਰ ਸਿੰਘ ਤਲਵੰਡੀ ਬਖਤਾ ਸਮੇਤ ਸੰਗਤਾਂ ਮੌਜੂਦ ਸਨ।