੧੩ ਮਾਰਚ ‘ਤੇ ਵਿਸ਼ੇਸ਼-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਹੋਲੀ ਦੇ ਪਰੰਪਰਾਗਤ ਭਾਰਤੀ ਤਿਉਹਾਰ ਦੀ ਥਾਂ ਖ਼ਾਲਸਾਈ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ‘ਹੋਲਾ ਮਹੱਲਾ’ ਨਾਲ ਜੋੜਿਆ। ‘ਹੋਲਾ ਮਹੱਲਾ’ ਹੋਲੀ ਤੋਂ ਅਗਲੇ ਦਿਨ ਚੇਤ ਵਦੀ ੧ ਨੂੰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਮਨਾਉਣ ਦਾ ਮੰਤਵ ਗੁਰਸਿੱਖਾਂ ਅੰਦਰ ‘ਫ਼ਤਿਹ’ ਦੇ ਅਨੁਭਵ ਨੂੰ ਹੋਰ ਦ੍ਰਿੜ੍ਹ ਕਰਨਾ ਸੀ। ਹੋਲਾ ਮਹੱਲਾ ਦਾ ਆਰੰਭ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ‘ਹੋਲੀ’ ਤੇ ‘ਹੋਲਾ ਮਹੱਲਾ’ ਦੋਨਾਂ ਤਿਉਹਾਰਾਂ ਦੀ ਵਿਚਾਰਧਾਰਾ ਵਿਚ ਕਾਫੀ ਫਰਕ ਹੈ। ਗੁਰੂ ਸਾਹਿਬ ਨੇ ਸੰਗਤਾਂ ਨੂੰ ਜਿੱਥੇ ਹੋਲੀ ਨੂੰ ਇਸ ਦੇ ਪ੍ਰਚੱਲਿਤ ਢੰਗ ਨਾਲ ਖੇਡਣ ਤੋਂ ਪੂਰੀ ਤਰ੍ਹਾਂ ਮਨਾ ਕੀਤਾ ਹੈ ਉਥੇ ਹੋਲੇ ਮਹੱਲੇ ਦਾ ਸਿਧਾਂਤ ਪੇਸ਼ ਕਰਦੇ ਹੋਏ ਇਸ ਨੂੰ ਵਿਲੱਖਣ ਤੇ ਸਾਰਥਿਕ ਅਰਥ ਦਿੱਤੇ ਹਨ। ਅਸਲ ਵਿਚ ਹਿੰਦੁਸਤਾਨੀ ਲੋਕਾਂ ਵਿਚ ਜ਼ਬਰ-ਜੁਲਮ ਦੇ ਖਿਲਾਫ ਲੜਨ-ਮਰਨ ਦਾ ਜਜ਼ਬਾ ਪੈਦਾ ਕਰਨ ਲਈ ਗੁਰੂ ਜੀ ਵੱਲੋਂ ਚੁੱਕਿਆ ਗਿਆ ਇਹ ਇਤਿਹਾਸਕ ਕਦਮ ਸੀ। ਇਹ ਉਹ ਖ਼ਾਲਸਾਈ ਤਿਉਹਾਰ ਹੈ ਜੋ ਸਿੱਖਾਂ ਨੂੰ ਜੰਗੀ ਕਰਤਵ ਸਿਖਾਉਣ ਅਤੇ ਹਿੰਮਤ, ਅਣਖ, ਦਲੇਰੀ, ਤਿਆਗ, ਕੁਰਬਾਨੀ, ਦ੍ਰਿੜ੍ਹ ਨਿਸ਼ਚਾ, ਚੜ੍ਹਦੀ-ਕਲਾ, ਸਵੈ-ਵਿਸ਼ਵਾਸ, ਸਵੈ-ਰੱਖਿਆ, ਸਵੈ-ਮਾਣ, ਮਨੁੱਖੀ ਆਜ਼ਾਦੀ ਤੇ ਖ਼ਾਲਸਾਈ ਜਜ਼ਬੇ ਨਾਲ ਭਰਪੂਰ ਕਰਨ ਲਈ ਕਾਰਗਰ ਸਾਬਤ ਹੋਇਆ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਯੁੱਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤੀ ਅਨੁਸਾਰ ਚੇਤ ਵਦੀ ੧ ਨੂੰ ਸਿੱਖਾਂ ਵਿਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਨਸੂਈ ਲੜਾਈ ਹੈ। ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹਮਲੇ ਦੀ ਥਾਂ ਹਮਲਾ ਕਰਦੇ ਹਨ। ਕਲਗੀਧਰ ਆਪ ਇਸ ਬਣਾਉਟੀ ਲੜਾਈ ਨੂੰ ਵੇਖਦੇ ਤੇ ਦੋਨਾਂ ਜੱਥਿਆਂ ਨੂੰ ਲੋੜੀਂਦੀ, ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਜਥਾ ਜੇਤੂ ਹੁੰਦਾ ਉਸ ਨੂੰ ਸਿਰੋਪਾ ਬਖਸ਼ਿਸ਼ ਕਰਦੇ। ਭਾਈ ਵੀਰ ਸਿੰਘ ਅਨੁਸਾਰ- ਮਹੱਲਾ ਸ਼ਬਦ ਤੋਂ ਭਾਵ ‘ਮਯ ਹੱਲਾ’ ਭਾਵ ਬਨਾਉਟੀ ਹਮਲਾ ਹੈ।
ਇਸ ਤਰ੍ਹਾਂ ਸਪੱਸ਼ਟ ਹੈ ਕਿ ਹੋਲਾ ਮਹੱਲਾ ਦੀ ਰੀਤੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿਚ ਸ਼ਸਤਰਾਂ ਲਈ ਪਿਆਰ ਅਤੇ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ। ਇਸ ਨਾਲ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਬਣ ਗਿਆ ਧਰਮ ਦਾ ਚਿੰਨ੍ਹ ਅਤੇ ਰਾਜ ਦਾ ਰਾਖਾ:-
ਸ਼ਸਤਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰੈ ਕਾਜ।
ਯਾਤੇ ਸਰਬ ਖਾਲਸਾ ਸੁਣਿਆਹਿ। ਆਯੁਧ ਧਰਯੋ ਉਤਮ ਗੁਣ ਆਹਿ।
ਜਬ ਹਮਰੇ ਦਰਸ਼ਨ ਆਵਹੁ। ਬਨ ਸੁਚੇਤ ਸ਼ਸਤਰ ਸਜਾਵਹੁ।
ਕਮਰ ਕਸਾ ਕਰ ਦਿਹੁ ਦਿਖਾਈ। ਹਮਰੀ ਖੁਸ਼ੀ ਹੋਇ ਅਧਕਾਈ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਪਰ ਅਸੀਂ ਸਾਲ ਪਿੱਛੋਂ ਇਹ ਰਸਮ ਨਾ-ਮਾਤਰ ਕਰ ਛੱਡਦੇ ਹਾਂ, ਲਾਭ ਕੁਝ ਨਹੀਂ ਉਠਾਉਂਦੇ ਜਦਕਿ ਸ਼ਸਤਰ ਵਿਦਿਆ ਤੋਂ ਅਨਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ।
ਅਫਸੋਸ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ ਫੌਜੀਆਂ ਦਾ ਕਰਤਵ ਮੰਨ ਲਿਆ ਹੈ, ਜਦਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰ ਇੱਕ ਸਿੱਖ ਪੂਰਾ ਸਿਪਾਹੀ ਹੋਵੇ ਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ। ‘ਹੋਲੇ ਮਹੱਲੇ’ ਦਾ ਸ਼ਸਤਰ ਵਿਦਿਆ ਤੇ ਖਾਲਸੇ ਦੀ ਚੜ੍ਹਦੀ ਕਲਾ ਨਾਲ ਕਿੰਨਾ ਗੂੜਾ ਸਬੰਧ ਹੈ ਇਹ ਗੱਲ ਕਵੀ ਨਿਹਾਲ ਸਿੰਘ ਜੀ ਦੀ ਰਚਨਾ ਤੋਂ ਸਪੱਸ਼ਟ ਹੋ ਜਾਂਦੀ ਹੈ:
ਬਰਛਾ, ਢਾਲ, ਕਟਾਰਾ, ਤੇਗਾ, ਕੜਛਾ, ਦੇਗਾ ਗੋਲਾ ਹੈ।
ਛਕਾ ਪ੍ਰਸਾਦ, ਸਜਾ ਦਸਤਾਰਾ, ਅਰੁ ਕਰਦੌਨਾ ਟੋਲਾ ਹੈ।
ਸੁਭਟ, ਸੁਚਾਲਾ, ਅਰ ਲਖ ਬਾਹਾਂ, ਕਲਗਾ ਸਿੰਘ ਸੁਚੋਲਾ ਹੈ।
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ‘ਹੋਲਾ’ ਹੈ।
ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ ਤੇਗ ਫ਼ਤਿਹ’ ਵਾਲੇ ਸ਼ਬਦ ਬਾਰੇ ਸੋਚਦੇ ਹਾਂ। ਗੁਰੂ-ਘਰ ਦੀਆਂ ਸੰਗਤਾਂ ਨੂੰ ਜਿਥੇ ਕੜਾਹ ਪ੍ਰਸ਼ਾਦਿ, ਗੁਰੂ ਕਾ ਲੰਗਰ ਆਦਿ ਨੂੰ ਦੇਗ ਜਾਂ ਦੇਗਾ ਕਿਹਾ ਹੈ ਉਥੇ ਇਹ ਵੀ ਨਿਯਮ ਹੈ ਕਿ ਬਿਨਾਂ ਕ੍ਰਿਪਾਨ ਭੇਟ ਦੇ ਕੜਾਹ ਪ੍ਰਸ਼ਾਦਿ ਦੀ ਦੇਗ ਨਹੀਂ ਵਰਤਾਉਣੀ ਤੇ ਨਾ ਹੀ ਛਕਣੀ ਹੈ। ਗੁਰੂ ਘਰ ਵਿਚ ਦੇਗ ਤੇਗ ਫ਼ਤਿਹ ਦੇ ਅਧਾਰ ‘ਤੇ ਕ੍ਰਿਪਾਨ ਭੇਟ ਦਾ ਨਿਯਮ ਹੈ ਤਾਂ ਜੋ ਗੁਰਸਿੱਖ ਸ਼ਸਤਰਾਂ ਨੂੰ ਭੁੱਲ ਕੇ ਦੇਗਾਂ ਵਾਸਤੇ ਹੀ ਨਾ ਰਹਿ ਜਾਵੇ।
ਦਸਮੇਸ਼ ਪਿਤਾ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਨਵੀਂ ਤੇ ਨਰੋਈ ਸੇਧ ਦਿੱਤੀ। ਭਾਰਤੀ ਲੋਕ ਮਨੁੱਖੀ ਜਾਮੇ ਵਿਚ ਪਸ਼ੂਆਂ ਨਾਲੋਂ ਵੀ ਭੈੜਾ ਜੀਵਨ ਬਤੀਤ ਕਰ ਰਹੇ ਸਨ। ਇਸ ਨਿੱਘਰ ਚੁੱਕੇ ਸਮਾਜ ਦੇ ਦੱਬੇ ਕੁਚਲੇ ਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਉਣ ਲਈ ਅਤੇ ਆਜ਼ਾਦੀ ਪ੍ਰਾਪਤ ਕਰਨ ਦੀ ਲਗਨ ਪੈਦਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਵਾਂ ਜੀਵਨ ਬਖਸ਼ਿਆ ਤੇ ਮੁਰਦਾ ਹੋ ਚੁੱਕੇ ਭਾਰਤੀ ਸਮਾਜ ਦੇ ਰੀਤੀ ਰਿਵਾਜ਼ਾਂ ਵਿਚ ਇਨਕਲਾਬੀ ਤਬਦੀਲੀਆਂ ਕਰ ਦਿੱਤੀਆਂ। ਨਿਰਜਿੰਦ ਲੋਕਾਂ ਨੂੰ ਨਵਾਂ ਜੀਵਨ ਦੇ ਦਿੱਤਾ ਤੇ ਨਿਰਜਿੰਦ ਤਿਉਹਾਰਾਂ ਨੂੰ ਵੀ ਨਵਾਂ ਤੇ ਉਸਾਰੂ ਰੂਪ ਦਿੱਤਾ। ਇਸ ਸਮੇਂ ਵਿਚ ਗੁਰੂ ਜੀ ਨੇ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣ ਦੇ ਆਦੇਸ਼ ਜਾਰੀ ਕਰ ਦਿੱਤੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਇਸ ਤਰ੍ਹਾਂ ‘ਹੋਲਾ ਮਹੱਲਾ’ ਆਰੰਭ ਕੀਤਾ ਤਾਂ ਲੋਕ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਲ ਹੋਏ। ਲੋਕ ਧੜਾਧੜ ਕਾਇਰਤਾ ਦਾ ਜਾਮਾ ਉਤਾਰ ਕੇ ਖਾਲਸਾ ਫੌਜ ਵਿਚ ਭਰਤੀ ਹੋਣ ਲੱਗੇ ਤੇ ਹੋਲਾ ਮਹੱਲਾ ਚੜ੍ਹਦੀ ਕਲਾ ਦੇ ਰੂਪ ਵਿਚ ਨਿਵੇਕਲਾ ਸਥਾਨ ਗ੍ਰਹਿਣ ਕਰ ਗਿਆ। ਹੋਲਾ ਮਹੱਲਾ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਹੱਕ ਮੰਗਿਆਂ ਪ੍ਰਾਪਤ ਨਹੀਂ ਹੁੰਦਾ ਸਗੋਂ ਸ਼ਕਤੀ ‘ਤੇ ਜ਼ੋਰ ਨਾਲ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਨਿਰਸੰਦੇਹ ਇਸ ਇਨਕਲਾਬੀ ਪਿਰਤ ਰਾਹੀਂ ਖ਼ਾਲਸੇ ਨੇ ਸ਼ਸਤਰ-ਵਿਦਿਆ ਅਤੇ ਯੁੱਧ ਕਲਾ ਵਿਚ ਪ੍ਰਬੀਨ ਹੋ ਕੇ ਇਤਿਹਾਸ ਦਾ ਰੁਖ ਮੋੜ ਦਿੱਤਾ। ਪੰਜਾਬ ਵਿਚ ਸਦੀਆਂ ਤੋਂ ਗ਼ੁਲਾਮ ਅਤੇ ਰਾਜਸੀ ਸੱਤਾ ਤੋਂ ਬੇਦਖਲ ਹੋ ਚੁੱਕੇ ਲੋਕਾਂ ਦੀ ਪਾਤਸ਼ਾਹੀ ਕਾਇਮ ਹੋ ਗਈ।
ਦਸਮੇਸ਼ ਪਿਤਾ ਜੀ ਵੱਲੋਂ ਚਲਾਈ ਗਈ ਇਹ ਮਹਾਨ ਪ੍ਰੰਪਰਾ ਅੱਜ ਵੀ ਕਾਇਮ ਹੈ। ਹਰ ਸਾਲ ਇਹ ਪਵਿੱਤਰ ਤਿਉਹਾਰ ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਬੜੇ ਉਤਸ਼ਾਹ ‘ਤੇ ਜੋਸ਼ ਨਾਲ ਮਨਾਉਂਦੀਆਂ ਹਨ। ਇਥੇ ਘੋੜ ਸਵਾਰ ਤੇ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਕਰਤੱਬ ਦੇਖਣਯੋਗ ਹੁੰਦੇ ਹਨ। ਇਸ ਦੀ ਅਲੌਕਿਕ ਮਹਿਮਾ ਦਾ ਕੇਵਲ ਕਥਨ ਕਰਨ ਨਾਲ ਹੀ ਨਹੀਂ ਸਗੋਂ ਅੱਖੀਂ ਦੇਖਣ ਨਾਲ ਪਤਾ ਲੱਗਦਾ ਹੈ। ਅੱਜ ਸਿੱਖਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਇਸ ਕੌਮੀ ਤਿਉਹਾਰ ਮੌਕੇ ਗੁਰੂ ਸਾਹਿਬ ਵੱਲੋਂ ਪਾਏ ਪੂਰਨਿਆਂ ‘ਤੇ ਚੱਲਦਿਆਂ ਸਿੱਖ ਪਰੰਪਰਾਵਾਂ ‘ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਲਈ ਵਚਨਬੱਧ ਹੋਣਾ ਚਾਹੀਦਾ ਹੈ। ਅਸੀਂ ਜਾਣਦੇ ਹਾਂ ਕਿ ਹੋਲਾ ਮਹੱਲਾ ਦੀ ਆਰੰਭਤਾ ਸਮੇਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨੋਰਥ ਜਿਥੇ ਲੋਕਾਈ ਦਾ ਮਨੋਬਲ ਉੱਚਾ ਚੁੱਕਣਾ ਸੀ, ਉਥੇ ਵਰਤਾਰੇ ਵਿਰੁੱਧ ਨਵੀਂ ਚੇਤਨਤਾ ਪੈਦਾ ਕਰਨਾ ਵੀ ਸੀ। ਅੱਜ ਦੇ ਹਾਲਾਤ ਵੱਲ ਝਾਤ ਮਾਰੀਏ ਤਾਂ ਸਥਿਤੀ ਸੰਤੁਸ਼ਟੀਜਨਕ ਨਹੀਂ ਹੈ। ਅੱਜ ਸਮਾਜ ਅੰਦਰ ਕਈ ਨਵੀਂ ਤਰ੍ਹਾਂ ਦੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਨੌਜਵਾਨੀ ਦਿਸ਼ਾਹੀਣ ਹੋ ਕੇ ਭਟਕ ਰਹੀ ਹੈ। ਨਸ਼ੇ ਸਮਾਜ ਨੂੰ ਨਿਗਲ ਰਹੇ ਹਨ। ਵਾਤਾਵਰਣ ਦੀ ਸਥਿਤੀ ਵੀ ਨਿਘਾਰ ਵਾਲੇ ਪਾਸੇ ਨੂੰ ਹੈ। ਭਰੂਣ ਹੱਤਿਆ ਦਾ ਚਲਨ ਸਮਾਜ ਨੂੰ ਸਵਾਲਾਂ ਦੇ ਰੂਬਰੂ ਕਰ ਰਿਹਾ ਹੈ। ਨਿਤ ਨਵੀਆਂ ਬੀਮਾਰੀਆਂ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ। ਮੁਨਾਫਾਖੋਰੀ ਦੀ ਪ੍ਰਵਿਰਤੀ ਨੇ ਮਨੁੱਖ ਨੂੰ ਲਾਲਚੀ ਅਤੇ ਨਿਜਵਾਦੀ ਬਣਾ ਦਿੱਤਾ ਹੈ। ਅਜਿਹੀਆਂ ਸਮੱਸਿਆਵਾਂ ਸਾਡੀ ਆਪ ਮੁਹਾਰੀ ਜੀਵਣ ਸ਼ੈਲੀ ਕਾਰਨ ਪੈਦਾ ਹੋਈਆਂ ਹਨ। ਇਨ੍ਹਾਂ ਦਾ ਹੱਲ ਕੇਵਲ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਜੀਵਨ-ਜਾਚ ਅਤੇ ਪਰੰਪਰਾ ‘ਤੇ ਪਹਿਰਾ ਦੇਣ ਨਾਲ ਹੀ ਹੋ ਸਕਦਾ ਹੈ। ਜੇਕਰ ਕੌਮ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ‘ਤੇ ਚੱਲੇਗੀ ਤਾਂ ਸਤਿਗੁਰੂ ਜੀ ਕੌਮ ਨੂੰ ਆਪਣਾ ਤੇਜ਼ ਪ੍ਰਦਾਨ ਕਰਦੇ ਰਹਿਣਗੇ ਤੇ ਜੇਕਰ ਬਿਪਰਨ ਕੀ ਰੀਤ ਅਖ਼ਤਿਆਰ ਕਰ ਲਈ ਤਾਂ ਸਚਮੁੱਚ ਗੁਰੂ ਜੀ ਸਾਡੀ ਪ੍ਰਤੀਤ ਨਹੀਂ ਕਰਨਗੇ।