ਅੰਮ੍ਰਿਤਸਰ, 23 ਮਈ-  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਕਣਕ ਲੈ ਕੇ ਪਹੁੰਚੀਆਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਲਕਾ ਬੱਲੂਆਣਾ ਤੋਂ ਸਾਬਕਾ ਵਿਧਾਇਕ ਸ. ਪ੍ਰਕਾਸ਼ ਸਿੰਘ ਭੱਟੀ ਦੇ ਯਤਨਾਂ ਨਾਲ ਸੰਗਤਾਂ ਵੱਲੋਂ ਵੱਡੀ ਮਾਤਰਾ ਵਿਚ ਕਣਕ ਭੇਜੀ ਗਈ ਹੈ। ਇਸ ਤੋਂ ਇਲਾਵਾ ਹਲਕਾ ਜਗਰਾਉਂ ਤੋਂ ਸਾਬਕਾ ਵਿਧਾਇਕ ਸ੍ਰੀ ਐਸ.ਆਰ. ਕਲੇਰ ਵੀ ਸੰਗਤਾਂ ਸਮੇਤ 701 ਕੁਇੰਟਲ ਕਣਕ ਲੈ ਕੇ ਪੁੱਜੇ। ਉਨ੍ਹਾਂ ਵੱਲੋਂ 5 ਕੁਇੰਟਲ ਦੇ ਕਰੀਬ ਦਾਲ, ਖੰਡ ਅਤੇ ਹੋਰ ਰਸਦਾਂ ਵੀ ਭੇਟ ਕੀਤੀਆਂ ਗਈਆਂ ਹਨ। ਇਸ ਮੌਕੇ ਸਾਬਕਾ ਵਿਧਾਇਕ ਐਸ. ਆਰ. ਕਲੇਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਸ਼੍ਰੋਮਣੀ ਕਮੇਟੀ ਨੇ ਗੁਰੂ ਘਰਾਂ ਤੋਂ ਲੋੜਵੰਦਾਂ ਲਈ ਲੰਗਰ ਦੇ ਇੰਤਜ਼ਾਮ ਕਰਕੇ ਮਨੁੱਖਤਾ ਦਾ ਦਰਦ ਵੰਡਾਇਆ। ਇਹ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਦੌਰਾਨ ਗੁਰੂ ਕੇ ਲੰਗਰਾਂ ਲਈ ਰਸਦਾਂ ਭੇਟ ਕਰਨ ਦੀ ਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਸੰਗਤਾਂ ਦਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਸ. ਜੱਜ ਸਿੰਘ ਝੁਰੜਖੇੜਾ, ਸ. ਹਰਪਿੰਦਰ ਸਿੰਘ, ਭਾਈ ਪ੍ਰਣਾਮ ਸਿੰਘ, ਸ. ਇਕਬਾਲ ਸਿੰਘ ਸੰਧੂ, ਸ. ਕਮਲਜੀਤ ਸਿੰਘ ਸਾਬਕਾ ਚੇਅਰਮੈਨ, ਸ੍ਰੀ ਬਿੰਦਰ ਮਨੀਲਾ, ਸ. ਹਰੀ ਸਿੰਘ ਕਾਉਂਕੇ ਕਲਾ, ਸ. ਸ਼ਿਵਰਾਜ ਸਿੰਘ, ਸ. ਮਨਿੰਦਰਪਾਲ ਸਿੰਘ, ਸ. ਨਿਰਵੈਲ ਸਿੰਘ, ਸ. ਇੰਦਰਪਾਲ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ ਤੇ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਰਾਜਿੰਦਰ ਸਿੰਘ ਰੂਬੀ, ਸ. ਨਿਸ਼ਾਨ ਸਿੰਘ, ਸ. ਜਗਦੀਸ਼ ਸਿੰਘ ਜੱਗਾ ਆਦਿ ਮੌਜੂਦ ਸਨ।