ਅੰਮ੍ਰਿਤਸਰ, ੬ ਜਨਵਰੀ- ੧੯੮੪ ਸਿੱਖ ਕਤਲੇਆਮ ਦੇ ਸਮੂਹ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ੧੦ ਜਨਵਰੀ ਨੂੰ ਗੁਰੂ ਘਰਾਂ ਵਿਚ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੇਸ਼ ਵਿਦੇਸ਼ ਦੇ ਸਮੂਹ ਗੁਰੂ ਘਰਾਂ ਵਿਚ ਸਵੇਰ ਦੇ ਨਿਤਨੇਮ ਮਗਰੋਂ ਇਹ ਅਰਦਾਸ ਕਰਨ। ਇਥੋਂ ਜਾਰੀ ਇਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਹੈ ਕਿ ੧੯੮੪ ਦਾ ਸਿੱਖ ਕਤਲੇਆਮ ਅਣਮਨੁੱਖੀ ਤਸ਼ੱਦਦ ਦੀ ਸਿਖ਼ਰ ਵਜੋਂ ਇਤਿਹਾਸ ਦੇ ਪੰਨਿਆਂ ਵਿਚ ਅੰਕਿਤ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਦੇ ਦੋਸ਼ੀ ੩੪ ਸਾਲ ਬੀਤਣ ਦੇ ਬਾਅਦ ਅਜੇ ਤੱਕ ਵੀ ਬਚਦੇ ਆ ਰਹੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜਿਥੇ ਪੀੜਤ ਧਿਰ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਲੰਬੀ ਕਾਨੂੰਨੀ ਲੜਾਈ ਲਗਾਤਾਰ ਜਾਰੀ ਰੱਖੀ ਗਈ, ਉਥੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਰਦਾਸਾਂ ਵੀ ਕੀਤੀਆਂ ਜਾਂਦੀਆਂ ਰਹੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੂੰ ਆਪਣੇ ਗੁਰੂ ਸਾਹਿਬ ‘ਤੇ ਪੂਰਨ ਵਿਸ਼ਵਾਸ ਹੈ ਅਤੇ ਇਸੇ ਦਾ ਸਦਕਾ ਹੀ ਅੱਜ ਸੱਜਣ ਕੁਮਾਰ ਸਮੇਤ ਦੋ ਹੋਰ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਾਰੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲਦੀਆਂ ਪੀੜਤਾਂ ਦੀ ਪੀੜਾ ਨਹੀਂ ਘਟੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅਰਦਾਸ ਵਿਚ ਵੱਡੀ ਸ਼ਕਤੀ ਹੈ ਅਤੇ ਇਸ ਲਈ ਉਹ ੧੦ ਜਨਵਰੀ ਨੂੰ ਦੇਸ਼-ਵਿਦੇਸ਼ ਦੇ ਗੁਰੂ ਘਰਾਂ ਅੰਦਰ ਅਰਦਾਸ ਬੇਨਤੀ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਪੀੜਤਾਂ ਨੂੰ ਦੋਸ਼ੀਆਂ ਖਿਲਾਫ ਸੰਘਰਸ਼ ਜਾਰੀ ਰੱਖਣ ਦੀ ਹੋਰ ਸ਼ਕਤੀ ਵੀ ਮਿਲੇਗੀ।