The website is under scheduled maintenance. Some links and features may not work properly for a short time. We apologise for the inconvenience and appreciate your patience. Normal service will resume shortly.

ਜੀਵਨ ਜਾਚ ਦਾ ਸਰਵੋਤਮ ਸੋਮਾ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
-ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਤੇ ਗੌਰਵਤਾ ਅਦੁੱਤੀ ਹੈ। ਇਸ ਵਿਚ ਦਰਜ ਇਲਾਹੀ ਬਾਣੀ ਇਨ-ਬਿਨ ਉਸੇ ਸ਼ੁੱਧ ਰੂਪ ਵਿਚ ਮੌਜੂਦ ਹੈ, ਜਿਵੇਂ ਇਸ ਨੂੰ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਨੇ ਉਚਾਰਨ ਕੀਤਾ ਸੀ। ਗੁਰਬਾਣੀ ਦੇ ਪਾਵਨ ਬਚਨ ਸਮੁੱਚੀ ਮਨੁੱਖਤਾ ਨੂੰ ਅਧਿਆਤਮਿਕਤਾ ਅਤੇ ਮਾਨਵਤਾ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਹਨ, ਜਿਸ ਅਨੁਸਾਰ ਜੀਵਨ ਬਸਰ ਕਰ ਕੇ ਮਨੁੱਖੀ ਜੀਵਨ ਨੂੰ ਹਰ ਪੱਖ ਤੋਂ ਮੁਕੰਮਲ ਬਣਾਇਆ ਜਾ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਮਨੁੱਖ ਲਈ ਅਧਿਆਤਮਿਕ ਤੇ ਧਾਰਮਿਕ ਸੇਧਾਂ ਦੇ ਨਾਲ-ਨਾਲ ਸਮਾਜਿਕ, ਆਰਥਿਕ, ਵਿਗਿਆਨਕ ਆਦਿ ਹਰ ਤਰ੍ਹਾਂ ਦੀ ਪ੍ਰੇਰਣਾ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਗੁਰੂ ਸਾਹਿਬਾਨ ਨੇ ਜਿਥੇ ਆਪ ਬਾਣੀ ਉਚਾਰਨ ਕੀਤੀ, ਉਥੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਵੱਖ-ਵੱਖ ਮਹਾਂਪੁਰਖਾਂ ਦੀ ਰਚਨਾ ਨੂੰ ਵੀ ਪੋਥੀਆਂ ਦੇ ਰੂਪ ਵਿਚ ਆਪਣੇ ਪਾਸ ਸੰਭਾਲਿਆ। ਇਹ ਬਾਣੀ ਪੀੜ੍ਹੀ ਦਰ ਪੀੜ੍ਹੀ ਅਗਲੇ ਗੁਰੂ ਸਾਹਿਬਾਨ ਪਾਸ ਪਹੁੰਚੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਬਾਣੀ ਨੂੰ ਸੰਪਾਦਿਤ ਕਰਨ ਲਈ ਸ੍ਰੀ ਅੰਮ੍ਰਿਤਸਰ ਵਿਖੇ ਜਿਸ ਰਮਣੀਕ ਥਾਂ ਨੂੰ ਚੁਣਿਆ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸੁਭਾਇਮਾਨ ਹੈ। ਇਸ ਅਸਥਾਨ ’ਤੇ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੇ ਕੀਤੀ। ਸੰਮਤ ੧੬੬੧ (੧੬੦੪ ਈ:) ਨੂੰ ਸੰਪਾਦਨਾ ਦਾ ਕਾਰਜ ਸੰਪੂਰਨ ਹੋਇਆ ਅਤੇ ਇਸੇ ਸਾਲ ਹੀ ਭਾਦੋਂ ਸੁਦੀ ਇੱਕ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਸੇਵਾ-ਸੰਭਾਲ ਕਰਨ ਲਈ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ।
ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਦੇ ਸਥਾਨ ‘ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਅਤੇ ਆਪ ਜੀ ਨੇ ਆਪਣੇ ਅੰਤਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਅਮਲੀ ਰੂਪ ਵਿਚ ਜੋੜ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਦਾ ਇਤਿਹਾਸਕ ਹਵਾਲਾ ਇਸ ਦੀ ਵਡਿਆਈ ਨੂੰ ਸਪੱਸ਼ਟ ਕਰਨ ਵਾਲਾ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇਕ ਵਿਸ਼ੇਸ਼ ਨਗਰ ਕੀਰਤਨ ਦੇ ਰੂਪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਕੇ ਆਏ। ਇਸ ਨਗਰ ਕੀਰਤਨ ਵਿਚ ਸੰਗਤਾਂ ਹੁਮ-ਹੁਮਾ ਕੇ ਸ਼ਾਮਲ ਹੋਈਆਂ। ਇਹ ਦ੍ਰਿਸ਼ ਅਲੌਕਿਕ ਸੀ, ਜਿਸ ਵਿਚ ਸੰਗਤਾਂ ਵਿਚ ਸ਼ਰਧਾ ਤੇ ਸਤਿਕਾਰ ਦੀ ਸਿਖ਼ਰ ਸੀ। ਸਾਰਾ ਵਾਤਾਵਰਣ ਰੱਬੀ ਰੰਗ ਵਿਚ ਰੰਗਿਆ ਹੋਇਆ ਸੀ। ਇਹ ਪ੍ਰੰਪਰਾ ਹੁਣ ਵੀ ਬਰਕਰਾਰ ਹੈ ਅਤੇ ਹਰ ਸਾਲ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਗਿਆਨ ਦਾ ਅਜਿਹਾ ਸੋਮਾ ਹੈ, ਜੋ ਅਗਿਆਨਤਾ ਦੇ ਹਨੇਰੇ ਤੋਂ ਛੁਟਕਾਰੇ ਦਾ ਮਾਰਗ ਦਰਸਾਉਂਦਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦੇ ਗਿਆਨ ਜ਼ਰੀਏ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਦਰਸਾਇਆ ਹੈ। ਗੁਰਬਾਣੀ ਅੰਦਰ ਪਰਮਾਤਮਾ ਦਾ ਹਰ ਥਾਂ ਵਾਸਾ ਦੱਸਦਿਆਂ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਦਿੱਤਾ ਹੈ। ਪਵਿੱਤਰ ਬਾਣੀ ਦਾ ਉਪਦੇਸ਼ ਹੈ ਕਿ ਰੱਬੀ ਭਾਣੇ ’ਚ ਰਹਿਕੇ ਸਭਨਾਂ ਦਾ ਭਲਾ ਮਨਾਉਂਦਿਆਂ ਬ੍ਰਹਿਮੰਡੀ ਨਿਆਮਤਾਂ ਦੇ ਕਰਤੇ ਨੂੰ ਯਾਦ ਕਰਦਿਆਂ ਸਭ ਦੇ ਭਲੇ ਵਾਲੀ ਬਿਰਤੀ ਅਨੁਸਾਰ ਜੀਵਨ ਬਤੀਤ ਕਰਨਾ ਹੈ।
ਪਾਵਨ ਗੁਰਬਾਣੀ ਦੇ ਬਚਨਾਂ ਨੂੰ ਕਮਾਉਣਾ ਹਰ ਸਿੱਖ ਦਾ ਮੁੱਢਲਾ ਫ਼ਰਜ਼ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਦੁਆਰਾ ਸਿੱਖ ਨੂੰ ਜੀਵਨ ਜਿਊਣ ਲਈ ਜੋ ਸਿਧਾਂਤ ਬਖ਼ਸ਼ਿਸ ਕੀਤੇ ਹਨ, ਉਨ੍ਹਾਂ ’ਤੇ ਅਮਲ ਕਰਨਾ ਹਰ ਸਿੱਖ ਦਾ ਪਰਮ ਧਰਮ ਕਰਤੱਵ ਹੈ। ਇਹ ਇਲਾਹੀ ਬਚਨ ਪਾਰ ਉਤਾਰਾ ਕਰਨ ਵਾਲੇ ਹਨ। ਪਾਵਨ ਗੁਰਬਾਣੀ ਵਿਚ ਗੁਰੂ ਸਾਹਿਬ ਨੇ ਇਸ ਸਬੰਧ ਵਿਚ ਸਪੱਸ਼ਟ ਫੁਰਮਾਨ ਕੀਤਾ ਹੈ:
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ॥
ਜੋ ਸੁਣੇ ਕਮਾਵੈ ਸੁ ਉਤਰੈ ਪਾਰਿ॥
ਜਨਮਿ ਨ ਮਰੈ ਨ ਆਵੈ ਨ ਜਾਇ॥
ਹਰਿ ਸੇਤੀ ਓਹੁ ਰਹੈ ਸਮਾਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੩੭੦)
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ, “ਗੁਰਬਾਣੀ ਇਸੁ ਜਗ ਮਹਿ ਚਾਨਣੁ” ਨਾਲ ਆਪਣੀਆਂ ਜ਼ਿੰਦਗੀਆਂ ਰੋਸ਼ਨ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਖੰਡੇ ਦੀ ਪਾਹੁਲ ਛਕ ਬਾਣੀ ਬਾਣੇ ਦੇ ਧਾਰਨੀ ਹੋਈਏ।