ਜੈਪੁਰ ਵਿਖੇ ਰਾਜਸਥਾਨ ਦੇ ਰਾਜਪਾਲ ਸ੍ਰੀ ਕਲਰਾਜ ਮਿਸ਼ਰਾ ਨੇ ਨਗਰ ਕੀਰਤਨ ‘ਚ ਸ਼ਾਮਲ ਹੋ ਕੇ ਪ੍ਰਗਟਾਈ ਸ਼ਰਧਾ

ਅੰਮ੍ਰਿਤਸਰ, 30 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਰਾਜਸਥਾਨ ਦੇ ਜੈਪੁਰ ਤੋਂ ਹਰਿਆਣਾ ਵਿਚ ਪੈਂਦੇ ਫਰੀਦਾਬਾਦ ਲਈ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ ਬੀਤੀ ਸ਼ਾਮ ਜੈਪੁਰ ਵਿਖੇ ਪਹੁੰਚਣ ‘ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਇਆ। ਇਥੇ ਰਾਜਸਥਾਨ ਦੇ ਰਾਜਪਾਲ ਸ੍ਰੀ ਕਲਰਾਜ ਮਿਸ਼ਰਾ ਨੇ ਵੀ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਆਪਣੀ ਸ਼ਰਧਾ ਪ੍ਰਗਟਾਈ। ਉਨ੍ਹਾਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਵਧਾਈ ਦਿੱਤੀ ਅਤੇ ਅੰਤਰਰਾਸ਼ਟਰੀ ਨਗਰ ਕੀਰਤਨ ਇਤਿਹਾਸਕ ਕਿਹਾ। ਰਾਜਪਾਲ ਸ੍ਰੀ ਕਲਰਾਜ ਮਿਸ਼ਰਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ. ਹਰਜੀਤ ਸਿੰਘ ਲਾਲੂਘੁੰਮਣ ਮੀਤ ਸਕੱਤਰ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਅੱਜ ਨਗਰ ਕੀਰਤਨ ਦੀ ਫਰੀਦਾਬਾਦ ਲਈ ਰਵਾਨਗੀ ਸਮੇਂ ਧਾਰਮਿਕ ਦੀਵਾਨ ਅੰਦਰ ਰਾਗੀ ਜਥਿਆਂ ਨੇ ਕੀਰਤਨ ਕੀਤਾ ਅਤੇ ਕਥਾਵਾਚਕ ਭਾਈ ਜਸਵਿੰਦਰ ਸਿੰਘ ਸ਼ਹੂਰ ਕੇ ਸੰਗਤਾਂ ਨੂੰ ਕਥਾ-ਵਿਚਾਰਾਂ ਨਾਲ ਜੋੜਿਆ। ਸੰਗਤਾਂ ਦੀ ਭਰਵੀਂ ਹਾਜ਼ਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਫੁੱਲਾਂ ਦੀ ਵਰਖਾ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾ ਕੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ‘ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਕੰਗ, ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ, ਗੁਰਦੁਆਰਾ ਗੁਰੂ ਨਾਨਕ ਦਰਬਾਰ ਜੈਪੁਰ ਦੇ ਪ੍ਰਧਾਨ ਸ. ਸੁਰਜੀਤ ਸਿੰਘ, ਸਕੱਤਰ ਸ. ਜੋਗਿੰਦਰ ਸਿੰਘ, ਸ. ਸਰਬਜੀਤ ਸਿੰਘ, ਸ. ਅਵਤਾਰ ਸਿੰਘ, ਸ. ਮੇਵਾ ਸਿੰਘ, ਸ. ਬਲਜੀਤ ਸਿੰਘ, ਸ. ਮਨੋਹਰ ਸਿੰਘ, ਸ. ਸੁਰਿੰਦਰਪਾਲ ਸਿੰਘ ਸਮਾਣਾ, ਸ. ਜਸਵੀਰ ਸਿੰਘ, ਸ. ਬਲਵੰਤ ਸਿੰਘ, ਸ. ਬਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਲਾਵੀ ਨਗਰ ਜੈਪੁਰ, ਸ. ਹਰਚਰਨ ਸਿੰਘ, ਸ. ਦਰਸ਼ਨ ਸਿੰਘ, ਸ. ਲਖਬੀਰ ਸਿੰਘ ਆਦਿ ਮੌਜੂਦ ਸਨ।