ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ੨੦ ਅਕਤੂਬਰ ਤੋਂ ੨੦ ਨਵੰਬਰ ਤੱਕ ਗੁਰੂ ਸਾਹਿਬ ਦੀ ਬਾਣੀ ਦਾ ਰਾਗ ਅਧਾਰਿਤ ਕੀਰਤਨ ਹੋਵੇਗਾ
੨੧ ਜੁਲਾਈ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗੀ ਗੁਰਮਤਿ ਸੰਗੀਤ ਅਕੈਡਮੀਆਂ ਦੇ ਮੁਖੀਆਂ ਨਾਲ ਬੈਠਕ- ਭਾਈ ਲੌਂਗੋਵਾਲ

ਅੰਮ੍ਰਿਤਸਰ, 18 ਜੁਲਾਈ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ੂਰੀ ਰਾਗੀ ਜਥਿਆਂ ਵੱਲੋਂ ੨੦ ਅਕਤੂਬਰ ਤੋਂ ੨੦ ਨਵੰਬਰ ਤੱਕ ਰੋਜ਼ਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਾ ਕੀਰਤਨ ਕੀਤਾ ਜਾਵੇਗਾ। ਇਹ ਕੀਰਤਨ ਨਿਰਧਾਰਤ ਰਾਗਾਂ ਵਿਚ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਦੀ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਹੋਣ ਵਾਲੇ ਕੀਰਤਨ ਸਮਾਗਮਾਂ ਲਈ ਗਠਤ ਕੀਤੀ ਗਈ ਇਕ ਵਿਸ਼ੇਸ਼ ਕਮੇਟੀ ਦੀ ਇਕੱਤਰਤਾ ਮੌਕੇ ਇਹ ਫੈਸਲਾ ਲਿਆ ਗਿਆ ਹੈ। ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਮੁੱਖ ਸਕੱਤਰ ਡਾ. ਰੂਪ ਸਿੰਘ, ਅੰਤ੍ਰਿੰਗ ਮੈਂਬਰ ਸ. ਸ਼ਿੰਗਾਰਾ ਸਿੰਘ ਲੋਹੀਆਂ, ਮੈਂਬਰ ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਮਨਜੀਤ ਸਿੰਘ ਬੱਪੀਆਣਾ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ, ਪ੍ਰੋ. ਕਰਤਾਰ ਸਿੰਘ, ਪ੍ਰੋ. ਸੁਖਵੰਤ ਸਿੰਘ, ਡਾ. ਗੁਰਨਾਮ ਸਿੰਘ ਤੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਸ਼ਾਮਲ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਥੇ ੧੧ ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਕ ਵਿਸ਼ਾਲ ਕੀਰਤਨ ਦਰਬਾਰ ਹੋਵੇਗਾ, ਉਥੇ ਹੀ ਸ਼ਤਾਬਦੀ ਨੂੰ ਸਮਰਪਿਤ ੨੦ ਅਕਤੂਬਰ ਤੋਂ ੨੦ ਨਵੰਬਰ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰੇ ਹਜ਼ੂਰੀ ਰਾਗੀ ਜਥੇ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਨੂੰ ਉਨ੍ਹਾਂ ਵੱਲੋਂ ਗਾਇਨ ਅਤੇ ਅੰਕਿਤ ਕੀਤੇ ਗਏ ਨਿਰਧਾਰਤ ਰਾਗਾਂ ਵਿਚ ਗਾਇਨ ਕਰਨਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ੧੧ ਨਵੰਬਰ ਨੂੰ ਕਰਵਾਇਆ ਜਾਣ ਵਾਲਾ ਰਾਗ ਅਧਾਰਿਤ ਕੀਰਤਨ ਦਰਬਾਰ ਵਿਲੱਖਣ ਹੋਵੇਗਾ। ਇਸ ਵਿਚ ਵਿਸ਼ਵ ਪ੍ਰਸਿੱਧ ਰਾਗੀ ਸ਼ਾਮਲ ਹੋਣਗੇ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੇ ਗਏ ੧੯ ਰਾਗਾਂ ਵਿਚ ਕੀਰਤਨ ਕਰਨਗੇ। ਇਹ ਸਵੇਰੇ ੧੦ ਵਜੇ ਆਰੰਭ ਹੋ ਕੇ ਦੇਰ ਰਾਤ ਤੱਕ ਚੱਲੇਗਾ। ਇਸ ਤੋਂ ਇਲਾਵਾ ੧ ਨਵੰਬਰ ਤੋਂ ਲੈ ਕੇ ੧੩ ਨਵੰਬਰ ਤੱਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਵੇਰੇ-ਸ਼ਾਮ ਪ੍ਰਸਿੱਧ ਰਾਗੀ ਜਥੇ ਗੁਰੂ ਸਾਹਿਬ ਦੀ ਬਾਣੀ ਦਾ ਰਾਗ ਅਧਾਰਿਤ ਕੀਰਤਨ ਕਰਨਗੇ। ਇਸ ਦੌਰਾਨ ਰੋਜ਼ਾਨਾ ਇਕ ਪੰਥ ਪ੍ਰਸਿੱਧ ਕਥਾਵਾਚਕ ਵੀ ਹਾਜ਼ਰੀ ਭਰੇਗਾ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਤਾਬਦੀ ਸਬੰਧੀ ਸਮੁੱਚੇ ਕੀਰਤਨ ਸਮਾਗਮਾਂ ਸਮੇਂ ਰਾਗ ਅਧਾਰਿਤ ਕੀਰਤਨ ਕਰਨ ਵਾਲੇ ਰਾਗੀ ਜਥਿਆਂ ਦੀਆਂ ਸੇਵਾਵਾਂ ਲਵੇਗੀ। ਇਸ ਸਬੰਧ ਵਿਚ ੨੧ ਜੁਲਾਈ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮੁੱਚੀਆਂ ਗੁਰਮਤਿ ਸੰਗੀਤ ਅਕੈਡਮੀਆਂ ਦੇ ਮੁਖੀਆਂ ਦੀ ਮੀਟਿੰਗ ਬੁਲਾਈ ਗਈ ਹੈ, ਤਾਂ ਜੋ ਸਾਰੇ ਸਮਾਗਮਾਂ ਨੂੰ ਯਾਦਗਾਰੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਸਮੇਂ ਤੰਤੀ ਸਾਜ਼ਾਂ ਦੇ ਮਾਹਿਰ ਰਾਗੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।