ਸ੍ਰੀ ਮੁਕਤਸਰ ਸਾਹਿਬ, 3 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਇਥੋਂ ਨੇੜਲੇ ਪਿੰਡ ਸਰਾਏਨਾਗਾ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਾਵਈ ਵਿਚ ਧਰਮ ਪ੍ਰਚਾਰ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਅਸਥਾਨਾਂ ਵਿਖੇ ੫੫੦ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਮਤਿ ਸਮਾਗਮਾਂ ਦੀ ਲੜੀ ਆਰੰਭੀ ਗਈ ਹੈ। ਸਰਾਏਨਾਗਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਅਸਥਾਨ ਹੈ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀਆ ਧਰਮ ਪ੍ਰਚਾਰ ਯਾਤਰਾਵਾਂ ਦੌਰਾਨ ਇਸ ਪਿੰਡ ਆਏ ਸਨ। ਇਥੇ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਪਹੁੰਚੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬਸਾਂਝੀ ਵਿਚਾਰਧਾਰਾ ਨੂੰ ਸਮਾਜਕ ਏਕਤਾ ਦਾ ਸੂਤਰ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਸਮਾਜ ਅੰਦਰ ਪੈਦਾ ਹੋ ਰਹੇ ਵਖਰੇਵੇਂ ਮਿਟਾਉਣ ਲਈ ਗੁਰੂ ਸਾਹਿਬ ਦੇ ਉਦੇਸ਼ਾਂ ਉਤੇ ਅਮਲ ਕਰਨ ਦੀ ਲੋੜ ਹੈ। ਉਨ੍ਹਾਂ ਗੁਰੂ ਸਾਹਿਬ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗੁਰਮਤਿ ਸਮਾਗਮਾਂ ਦੀ ਲੜੀ ਨੂੰ ਇੱਕ ਚੰਗਾ ਯਤਨ ਕਿਹਾ ਅਤੇ ਇਸ ਵਿਚ ਸੰਗਤ ਨੂੰ ਸਹਿਯੋਗੀ ਬਣਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਹਰ ਸਿੱਖ ਦਾ ਫਰਜ ਹੈ ਕਿ ਉਹ ਪ੍ਰਚਾਰਕ ਬਣ ਕੇ ਗੁਰੂ ਸਾਹਿਬ ਦੇ ਫਲਸਫੇ ਨੂੰ ਪ੍ਰਚਾਰਨ ਲਈ ਅੱਗੇ ਆਏ ਤਾਂ ਪੰਜ ਸੌ ਪੰਜਾਹ ਸਾਲਾ ਦੇ ਇਤਿਹਾਸਕ ਦਿਹਾੜੇ ਨੂੰ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾ ਸਕੇ। ਸਮਗਾਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਰਨਜੀਤ ਸਿੰਘ ਤੇ ਭਾਈ ਜਲਵਿੰਦਰ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ। ਇਸ ਤੋਂ ਇਲਾਵਾ ਭਾਈ ਦਲਜੀਤ ਸਿੰਘ ਵਿਛੋਆ ਤੇ ਭਾਈ ਮਨਦੀਪ ਸਿੰਘ ਅਨਮੋਲ ਦੇ ਢਾਡੀ ਜਥਿਆਂ ਅਤੇ ਭਾਈ ਕਾਰਜ ਸਿੰਘ ਕਵੀਸ਼ਰ ਜਥੇ ਨੇ ਇਤਿਹਾਸ ਸਾਂਝਾ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸ. ਜਰਮਨਜੀਤ ਸਿੰਘ, ਮੁੱਖ ਗ੍ਰੰਥੀ ਭਾਈ ਹਰਦੀਪ ਸਿੰਘ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਸ. ਬਲਦੇਵ ਸਿੰਘ, ਸ. ਗੁਰਮੀਤ ਸਿੰਘ ਮੁਕਤਸਰੀ ਇੰਚਾਰਜ ਤੇ ਹੋਰਾਂ ਨੇ ਭਾਈ ਹਰਪਾਲ ਸਿੰਘ ਨੂੰ ਸਨਮਾਨਿਤ ਕੀਤਾ। ਸਮਾਗਮ ਵਿਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪੁਸਤਕ ਪ੍ਰਦਰਸ਼ਨੀ ਤੇ ਇਤਿਹਾਸ ਨੂੰ ਦਰਸਾਉਂਦੀ ਚਿਤਰ ਪ੍ਰਦਰਸ਼ਨੀ ਵੀ ਸੰਗਤ ਲਈ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਗੁਰਮੀਤ ਸਿੰਘ, ਮਾਤਾ ਗੁਰਿੰਦਰ ਕੌਰ, ਸ. ਬਲਦੇਵ ਸਿੰਘ ਮੈਨੇਜਰ, ਭਾਈ ਪ੍ਰਵਿੰਦਰ ਸਿੰਘ ਰਿਉਂਦ, ਭਾਈ ਤਰਲੋਚਨ ਸਿੰਘ, ਭਾਈ ਲਵਪ੍ਰੀਤ ਸਿੰਘ ਦਾਤੇਵਾਲ, ਭਾਈ ਜਗਸੀਰ ਸਿੰਘ ਰੌਂਤਾ ਅਤੇ ਸੰਗਤਾਂ ਮੌਜੂਦ ਸਨ।