ਹੋਲਾ ਮਹੱਲਾ ਦੇ ਮੱਦੇਨਜ਼ਰ ਸ਼ਬਦ ਗੁਰੂ ਯਾਤਰਾ ੧੬ ਤੋਂ ੨੩ ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੇਗੀ ਪੜਾਅ
ਅਗਲੇ ਪੜਾਅ ਲਈ ੨੪ ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਰਵਾਨਾ ਹੋਵੇਗੀ ਸ਼ਬਦ ਗੁਰੂ ਯਾਤਰਾ-ਜੌੜਾਸਿੰਘਾ

ਅੰਮ੍ਰਿਤਸਰ, ੧੫ ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ੭ ਜਨਵਰੀ ਤੋਂ ਸ਼ੁਰੂ ਕੀਤੀ ਗਈ ਸ਼ਬਦ ਗੁਰੂ ਯਾਤਰਾ ੧੬ ਮਾਰਚ ਨੂੰ ਖਾਲਸੇ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗੀ, ਜਿਥੇ ਕੁਝ ਦਿਨ ਵਿਸ਼ਰਾਮ ਕਰਨ ਮਗਰੋਂ ੨੪ ਮਾਰਚ ਨੂੰ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਇਹ ਜਾਣਕਾਰੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਸ਼ਬਦ ਗੁਰੂ ਯਾਤਰਾ ਹੋਲਾ ਮਹੱਲਾ ਦੇ ਇਤਿਹਾਸਕ ਪੁਰਬ ਦੇ ਮੱਦੇਨਜ਼ਰ ੧੬ ਮਾਰਚ ਤੋਂ ੨੩ ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਪੜਾਅ ਕਰੇਗੀ ਅਤੇ ਇਸ ਮਗਰੋਂ ੨੪ ਮਾਰਚ ਤੋਂ ਲਗਾਤਾਰ ਅਗਲੇ ਪੜਾਵਾਂ ਵੱਲ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਯਾਤਰਾ ਨਾਲ ਚੱਲ ਰਹੀ ਬੱਸ, ਜਿਸ ਵਿਚ ਗੁਰੂ ਸਾਹਿਬ ਦੇ ਸ਼ਸਤਰ ਬਸਤਰ ਸੁਸ਼ੋਭਿਤ ਹਨ ਦੇ ਸੰਗਤ ੨੩ ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਸ਼ਬਦ ਗੁਰੂ ਯਾਤਰਾ ੨੪ ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਮਹਿਤਪੁਰ ਬਲਾਚੋਰ, ੨੫ ਮਾਰਚ ਨੂੰ ਮਹਿਤਪੁਰ ਤੋਂ ਨਵਾਂ ਸ਼ਹਿਰ, ੨੬ ਮਾਰਚ ਨੂੰ ਨਵਾਂ ਸ਼ਹਿਰ ਤੋਂ ਬੰਗਾ, ੨੭ ਮਾਰਚ ਨੂੰ ਬੰਗਾ ਤੋਂ ਗੜ੍ਹਸ਼ੰਕਰ, ੨੮ ਮਾਰਚ ਨੂੰ ਗੜ੍ਹਸ਼ੰਕਰ ਤੋਂ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ, ੨੯ ਮਾਰਚ ਨੂੰ ਮਾਹਿਲਪੁਰ ਤੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪੁਰਹੀਰਾਂ (ਹੁਸ਼ਿਆਰਪੁਰ), ੩੦ ਮਾਰਚ ਨੂੰ ਪੁਰਹੀਰਾਂ ਤੋਂ ਡੇਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਟਾਂਡਾ, ੩੧ ਮਾਰਚ ਨੂੰ ਟਾਂਡਾ ਤੋਂ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਹੁਸ਼ਿਆਰਪੁਰ, ੧ ਅਪ੍ਰੈਲ ਨੂੰ ਗੁਰਦੁਆਰਾ ਗਰਨਾ ਸਾਹਿਬ ਤੋਂ ਮੁਕੇਰੀਆਂ, ੨ ਅਪ੍ਰੈਲ ਨੂੰ ਮੁਕੇਰੀਆਂ ਤੋਂ ਸ਼ਾਹਪੁਰ ਕੰਡੀ ਡੈਮ, ੩ ਅਪ੍ਰੈਲ ਨੂੰ ਸ਼ਾਹਪੁਰ ਕੰਡੀ ਤੋਂ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ, ੪ ਅਪ੍ਰੈਲ ਨੂੰ ਗਾਹਲੜੀ ਤੋਂ ਗੁਰਦੁਆਰਾ ਬਾਬਾ ਟਹਿਲ ਸਿੰਘ ਜੀ ਗੁਰਦਾਸਪੁਰ, ੫ ਅਪ੍ਰੈਲ ਨੂੰ ਗੁਰਦਾਸਪੁਰ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ੬ ਅਪ੍ਰੈਲ ਨੂੰ ਡੇਰਾ ਬਾਬਾ ਨਾਨਕ ਤੋਂ ਫ਼ਤਹਿਗੜ੍ਹ ਚੂੜੀਆਂ ਅਤੇ ੭ ਅਪ੍ਰੈਲ ਨੂੰ ਫ਼ਤਹਿਗੜ੍ਹ ਚੂੜੀਆਂ ਤੋਂ ਅਜਨਾਲਾ ਲਈ ਰਵਾਨਾ ਹੋਵੇਗੀ। ਸ. ਜੌੜਾਸਿੰਘਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰੰਭ ਕੀਤੀ ਗਈ ਸ਼ਬਦ ਗੁਰੂ ਯਾਤਰਾ ਸਬੰਧੀ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।