ਰਾਗੀ ਜਥਿਆਂ, ਕਥਾਵਾਚਕਾਂ ਅਤੇ ਪ੍ਰਚਾਰਕਾਂ ਨੇ ਭਰੀ ਹਾਜ਼ਰੀ

ਬਾਬਾ ਬਕਾਲਾ/ਅੰਮ੍ਰਿਤਸਰ, 24 ਮਾਰਚ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਗੁਰਮਤਿ ਕਰਵਾਇਆ ਗਿਆ, ਜਿਸ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ੫੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਵੱਖ ਵੱਖ ਥਾਵਾਂ ‘ਤੇ ਗੁਰਮਤਿ ਸਮਾਗਮਾਂ ਦੀ ਲੜੀ ਆਰੰਭੀ ਗਈ ਹੈ, ਜਿਸ ਤਹਿਤ ਇਹ ਸਮਾਗਮ ਹੋਇਆ। ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਨੰਦ ਸਿੰਘ, ਭਾਈ ਹਰਨਾਮ ਸਿੰਘ ਅਤੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸੀਨੀਅਰ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਦੇ ਉਧਾਰ ਲਈ ਵਿਲੱਖਣ ਅਤੇ ਨਿਰਾਲੀ ਵਿਚਾਰਧਾਰਾ ਦਿੱਤੀ ਹੈ, ਜਿਸ ਨੂੰ ਅਪਣਾ ਕੇ ਅਸੀਂ ਆਪਣਾ ਜੀਵਨ ਸੁਖਮਈ ਬਣਾ ਸਕਦੇ ਹਾਂ। ਉਨ੍ਹਾਂ ਸੰਗਤ ਨੂੰ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਆਪੋ ਆਪਣੇ ਘਰਾਂ ਅੰਦਰ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਅਪੀਲ ਕੀਤੀ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਪ੍ਰਚਾਰਕ ਭਾਈ ਜਸਪਾਲ ਸਿੰਘ, ਭਾਈ ਜੱਜ ਸਿੰਘ, ਭਾਈ ਗੁਰਭੇਜ ਸਿੰਘ, ਭਾਈ ਬਲਵੰਤ ਸਿੰਘ ਤੇ ਮਨਦੀਪ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਤੋਂ ਸੰਗਤ ਨੂੰ ਜਾਣੂ ਕਰਵਾਇਆ। ਸਮਾਗਮ ਦੌਰਾਨ ਰਾਗੀ, ਪ੍ਰਚਾਰਕ ਤੇ ਕਥਾਵਾਚਕਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ, ਸ. ਅਮਰਜੀਤ ਸਿੰਘ ਭਲਾਈਪੁਰ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਮੈਨੇਜਰ ਸ. ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਸ. ਮੋਹਣ ਸਿੰਘ ਕੰਗ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।