ਮੁੱਖ ਸਮਾਗਮ ‘ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵੱਖ ਵੱਖ ਸੂਬਿਆਂ ਦੇ ਗਵਰਨਰ ਤੇ ਮੁੱਖ ਮੰਤਰੀ ਕਰਨਗੇ ਸ਼ਿਰਕਤ-ਭਾਈ ਲੌਂਗੋਵਾਲ
ਅੰਤਰ ਧਰਮ ਸੰਵਾਦ ਸੰਮੇਲਨ, ਸਿੱਖ ਸੰਮੇਲਨ, ਕਵੀ ਦਰਬਾਰ, ਇਸਤਰੀ ਸੰਮੇਲਨ ਤੋਂ ਇਲਾਵਾ ਹੋਵੇਗਾ ੧੦੧ ਸ਼ਖ਼ਸੀਅਤਾਂ ਦਾ ਸਨਮਾਨ

ਅੰਮ੍ਰਿਤਸਰ, 3 ਮਈ-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਵਿਸ਼ਾਲ ਪੱਧਰ ‘ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮਾਂ ਦੀ ਰੂਪ-ਰੇਖਾ ਜਾਰੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਪਹਿਲੇ ਪਾਤਸ਼ਾਹ ਜੀ ਦਾ ਇਤਿਹਾਸਕ ੫੫੦ਵਾਂ ਪ੍ਰਕਾਸ਼ ਪੁਰਬ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮੁੱਚੇ ਵਿਸ਼ਵ ਅੰਦਰ ਪ੍ਰਚਾਰਨ ਪ੍ਰਸਾਰਨ ਦਾ ਇਕ ਅਹਿਮ ਮੌਕਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਸਮਾਗਮ ਉਲੀਕੇ ਗਏ ਹਨ। ਭਾਈ ਲੌਂਗੋਵਾਲ ਅਨੁਸਾਰ ਸ਼ਤਾਬਦੀ ਮੌਕੇ ੮ ਨਵੰਬਰ ਤੋਂ ਲੈ ਕੇ ੧੨ ਨਵੰਬਰ ਤੱਕ ਵਿਸ਼ੇਸ਼ ਸਮਾਗਮ ਹੋਣਗੇ ਅਤੇ ਇਸ ਤੋਂ ਇਲਾਵਾ ਵੀ ਵੱਡੀ ਪੱਧਰ ‘ਤੇ ਹੋਰ ਪ੍ਰੋਗਰਾਮ ਵੀ ਉਲੀਕੇ ਗਏ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ੮ ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਤਰ ਧਰਮ ਸੰਵਾਦ ਸੰਮੇਲਨ, ੯ ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਢਾਡੀ-ਕਵੀਸ਼ਰੀ ਦਰਬਾਰ, ੯ ਨਵੰਬਰ ਦੀ ਰਾਤ ਨੂੰ ਸੁਲਤਾਨਪੁਰ ਲੋਧੀ ਵਿਖੇ ਹੀ ਵਿਸ਼ੇਸ਼ ਕਵੀ ਦਰਬਾਰ, ੧੦ ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਜੀ ਦੇ ਨਾਂ ‘ਤੇ ਇਸਤਰੀ ਸੰਮੇਲਨ, ੧੧ ਨਵੰਬਰ ਨੂੰ ੧੦੧ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਸਮਾਗਮ ਅਤੇ ਰਾਤ ਨੂੰ ਭਾਈ ਮਰਦਾਨਾ ਜੀ ਨੂੰ ਸਮਰਪਿਤ ਸ਼ਬਦ ਵਿਚਾਰ ਤੇ ਰਾਗ ਦਰਬਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ੧੨ ਨਵੰਬਰ ਨੂੰ ਮੁੱਖ ਸਮਾਗਮ ਵਿਚ ਸਿੰਘ ਸਾਹਿਬਾਨ, ਪ੍ਰਮੁੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵੱਖ-ਵੱਖ ਰਾਜਾਂ ਦੇ ਗਵਰਨਰ ਅਤੇ ਮੁੱਖ ਮੰਤਰੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਹੋਰਨਾਂ ਦੇਸ਼ਾਂ ਤੋਂ ਵੀ ਪ੍ਰਮੁੱਖ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ।
ਉਨ੍ਹਾਂ ਦੱਸਿਆ ਕਿ ੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ੧੦ ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਮੇਲਨ ਵੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ੩ ਨਵੰਬਰ ਨੂੰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਮਤਿ ਸਮਾਗਮ ਹੋਵੇਗਾ। ਭਾਈ ਲੌਂਗੋਵਾਲ ਨੇ ਇਹ ਵੀ ਦੱਸਿਆ ੯ ਨਵੰਬਰ ਨੂੰ ਹੋਣ ਵਾਲੇ ਢਾਡੀ/ਕਵੀਸ਼ਰ ਦਰਬਾਰ ਤੋਂ ਪਹਿਲਾਂ ਮਾਝਾ, ਮਾਲਵਾ ਤੇ ਦੁਆਬਾ ਜੋਨਾਂ ਵਿਚ ਢਾਡੀ, ਕਵੀਸ਼ਰੀ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਮਾਝਾ ਜੋਨ ‘ਚ ੨੫ ਤੇ ੨੬ ਮਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਸਾਹਿਬ, ਮਾਲਵਾ ਜੋਨ ‘ਚ ੩੦ ਤੇ ੩੧ ਮਈ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਅਤੇ ਦੁਆਬਾ ਜੋਨ ‘ਚ ੧੦ ਤੇ ੧੧ ਜੂਨ ਨੂੰ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਹੋਣਗੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹੋਰ ਸਮਾਗਮਾਂ ਸਬੰਧੀ ਦੱਸਿਆ ਕਿ ਗੁਰੂ ਸਾਹਿਬ ਦੇ ਇਤਿਹਾਸਕ ਪੁਰਬ ਨੂੰ ਸਮਰਪਿਤ ਵੱਖ-ਵੱਖ ਸੈਮੀਨਾਰ ਵੀ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਜਥੇਦਾਰ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ, ਬਨਾਰਸ ਯੂਨੀਵਰਸਿਟੀ ਤੇ ਜੈਪੁਰ ਯੂਨੀਵਰਸਿਟੀ ਵਿਖੇ ਸੈਮੀਨਾਰ ਕਰਵਾਏ ਜਾ ਚੁੱਕੇ ਹਨ, ਜਦਕਿ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ, ਮੁੰਬਈ, ਕਲਕੱਤਾ, ਢਾਕਾ, ਕਾਠਮੰਡੂ, ਜੰਮੂ ਕਸ਼ਮੀਰ, ਅਲੀਗੜ੍ਹ ਯੂਨੀਵਰਸਿਟੀ, ਬੰਗਲੌਰ ਵਿਖੇ ਸੈਮੀਨਾਰ ਕਰਵਾਏ ਜਾਣਗੇ। ਭਾਈ ਲੌਂਗੋਵਾਲ ਨੇ ਦੱਸਿਆ ਕਿ ਬਿਦਰ (ਕਰਨਾਟਕ), ਕਾਠਮੰਡੂ (ਨੇਪਾਲ), ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਵਿਸ਼ੇਸ਼ ਨਗਰ ਕੀਰਤਨ ਸਜਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪੁਸਕਤਾਂ ਵੀ ਤਿਆਰ ਕੀਤੀਆਂ ਜਾਣਗੀਆਂ। ਇਨ੍ਹਾਂ ਪੁਸਤਕਾਂ ਵਿਚ ਜਪੁਜੀ ਸਾਹਿਬ-ਸ. ਤੇਜਾ ਸਿੰਘ ਐਮ.ਏ., ਗੁਰੂ ਨਾਨਕ ਐਂਡ ਹਿੱਜ ਮਿਸ਼ਨ-ਪ੍ਰਿੰਸੀਪਲ ਤੇਜਾ ਸਿੰਘ ਐਮ.ਏ., ਏ ਬਰੀਫ ਅਕਾਊਂਟ ਆਫ਼ ਸਿੱਖ-ਡਾ. ਗੰਡਾ ਸਿੰਘ, ਦ ਸਿੱਖ ਰਿਲੀਜਨ-ਪ੍ਰਿੰਸੀਪਲ ਤੇਜਾ ਸਿੰਘ ਐਮ.ਏ., ਅਮੇਜਿੰਗ ਟਰੈਵਲਜ ਆਫ ਗੁਰੂ ਨਾਨਕ ਦੇਵ ਜੀ-ਕਰਨਲ ਦਲਵਿੰਦਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਗੁਰਮਤਿ ਪ੍ਰਕਾਸ਼ ਦੇ ਵਿਸ਼ੇਸ਼ ਅੰਕ ਕੱਢਣ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਤੇ ਸਿੱਖਿਆਵਾਂ ਨਾਲ ਸਬੰਧਤ ੧੦੦ ਲੇਖਾਂ ਦੀ ਪੁਸਤਕ ਵੀ ਤਿਆਰ ਕੀਤੀ ਜਾਵੇਗੀ। ਭਾਈ ਲੌਂਗੋਵਾਲ ਨੇ ਇਹ ਵੀ ਦੱਸਿਆ ਕਿ ਸ਼ਤਾਬਦੀ ਮੌਕੇ ਕਰਵਾਏ ਜਾਣ ਵਾਲੇ ਕਵੀ ਦਰਬਾਰ ਦੀਆਂ ਕਵਿਤਾਵਾਂ ਨੂੰ ਵੀ ਪੁਸਤਕ ਰੂਪ ਵਿਚ ਛਾਪਿਆ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂ, ਸ. ਗੁਰਮੀਤ ਸਿੰਘ ਬੂਹ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਕੁਲਵਿੰਦਰ ਸਿੰਘ ਰਮਦਾਸ, ਭਾਈ ਸੁਖਵਿੰਦਰ ਸਿੰਘ ਅਗਵਾਨ, ਸ. ਦਰਸ਼ਨ ਸਿੰਘ ਪੀ.ਏ. ਆਦਿ ਮੌਜੂਦ ਸਨ।