੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਐਨ.ਆਰ.ਆਈ. ਸੈੱਲ ਸਥਾਪਤ ਕਰੇਗੀ ਸ਼੍ਰੋਮਣੀ ਕਮੇਟੀ-ਭਾਈ ਲੌਂਗੋਵਾਲ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਸ਼ਵ ਵਿਆਪੀ ਫਲਸਫਾ ਦੇ ਵਿਸ਼ੇ ‘ਤੇ ਹੋਈ ਵਿਚਾਰ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ
ਏਅਰ ਮਾਰਸ਼ਲ ਸੀਹਰਾ, ਸੁਖ ਧਾਲੀਵਾਲ ਸਮੇਤ ੪੦ ਸ਼ਖ਼ਸੀਅਤਾਂ ਸਨਮਾਨਿਤ
ਭਾਈ ਲੌਂਗੋਵਾਲ ਵੱਲੋਂ ੧੩ ਭਾਸ਼ਾਵਾਂ ਵਿਚ ਗੁਰੂ ਸਾਹਿਬ ਦੀ ਵਿਚਾਰਧਾਰਾ ਪ੍ਰਕਾਸ਼ਤ ਕਰਨ ਦਾ ਐਲਾਨ

ਲੁਧਿਆਣਾ, ੫ ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਵਿਦੇਸ਼ਾਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਇਕ ਐਨ.ਆਰ.ਆਈ. ਸੈੱਲ ਸਥਾਪਿਤ ਕਰੇਗੀ, ਤਾਂ ਜੋ ਵਿਦੇਸ਼ਾਂ ਦੀਆਂ ਸੰਗਤਾਂ ਨਾਲ ਵੱਧ ਤੋ ਵੱਧ ਰਾਬਤਾ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਥੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿਖੇ ਸ਼੍ਰੋਮਣੀ ਕਮੇਟੀ ਤੇ ਨਨਕਾਣਾ ਸਾਹਿਬ ਟਰੱਸਟ ਵੱਲੋਂ ‘ਗੁਰੂ ਨਾਨਕ ਦੇਵ ਜੀ ਦਾ ਵਿਸ਼ਵ ਵਿਆਪੀ ਫਲਸਫਾ’ ਵਿਸ਼ੇ ‘ਤੇ ਆਯੋਜਿਤ ਕੀਤੀ ਗਈ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਵਿਚ ਹਿੱਸਾ ਲੈਣ ਮੌਕੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਪਹਿਲੇ ਪਾਤਸ਼ਾਹ ਜੀ ਦਾ ੫੫੦ਵਾਂ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾਣਾ ਹੈ ਅਤੇ ਇਸ ਵਿਚ ਵੱਖ ਵੱਖ ਦੇਸ਼ਾਂ ਦੀਆਂ ਸੰਗਤਾਂ ਨੂੰ ਸ਼ਾਮਲ ਕਰਵਾਉਣ ਲਈ ਇਕ ਐਨ.ਆਰ.ਆਈ ਸੈੱਲ ਕਾਇਮ ਕੀਤਾ ਜਾਵੇਗਾ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸੈੱਲ ਦਾ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਪੱਧਰ ਦਾ ਇਕ ਅਧਿਕਾਰੀ ਹੋਵੇਗਾ ਅਤੇ ਜੋ ਵੀ ਸੰਗਤਾਂ ਵਿਦੇਸ਼ਾਂ ਤੋਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਪੁੱਜਣਗੀਆਂ ਸ਼੍ਰੋਮਣੀ ਕਮੇਟੀ ਉਨ੍ਹਾਂ ਲਈ ਢੁੱਕਵੇਂ ਪ੍ਰਬੰਧ ਕਰੇਗੀ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਐਲਾਨ ਕੀਤਾ ਕਿ ਗੁਰੂ ਸਾਹਿਬ ਦੇ ਫਲਸਫੇ ਨੂੰ ਵੱਖ ਵੱਖ ਦੇਸ਼ਾਂ, ਕੌਮਾਂ, ਖਿੱਤਿਆਂ ਅਤੇ ਵਰਗਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਦੇ ਫਲਸਫੇ ਨੂੰ ੧੩ ਭਾਸ਼ਾਵਾਂ ਵਿਚ ਪ੍ਰਕਾਸ਼ਤ ਕੀਤਾ ਜਾਵੇਗਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਕੈਨੇਡਾ ਦੇ ਐਮ. ਪੀ. ਸੁੱਖ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸ਼੍ਰੋਮਣੀ ਕਮੇਟੀ ਵੱਲੋਂ ਐਨ.ਆਰ.ਆਈ. ਸੈੱਲ ਸਥਾਪਤ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ। ਇਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਪੰਥਕ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ। ਵਿਚਾਰ ਗੋਸ਼ਟੀ ਸਮਾਗਮ ਦੌਰਾਨ ਕਾਲਜ ਤੋਂ ਸਿਖਿਅਤ ਦੇਸ਼ ਦੇ ਏਅਰ ਮਾਰਸ਼ਲ ਸ. ਰਾਜਕਰਨ ਸਿੰਘ ਸੀਹਰਾ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਚੇਅਰਮੈਨ ਪੰਜਾਬ ਬਿਜਲੀ ਬੋਰਡ ਸ. ਬਲਦੇਵ ਸਿੰਘ ਸਰਾਂ, ਵਾਈਂਸ ਚਾਸਲਰ ਪੀ.ਟੀ.ਯੂ. ਅਜੈ ਸ਼ਰਮਾ, ਆਈ.ਐਸ. ਅਧਿਕਾਰੀ ਸ. ਮਲਵਿੰਦਰ ਸਿੰਘ ਜੱਗੀ, ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆਂ ਸਮੇਤ ੪੦ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਕਾਲਜ ਦਾ ਨਾਂ ਦੇਸ਼ ਦੁਨੀਆਂ ਵਿਚ ਚਮਕਾਉਣ ਲਈ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਨਨਕਾਣਾ ਸਾਹਿਬ ਟਰੱਸਟ ਦੇ ਮੈਂਬਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹੋਰਾਂ ਨੇ ਸਾਂਝੇ ਤੌਰ ‘ਤੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਵਿਚਾਰ ਗੋਸ਼ਟੀ ਦੀ ਆਰੰਭਤਾ ਮੌਕੇ ਪ੍ਰੋ. ਸੁਰਿੰਦਰ ਸਿੰਘ ਨਿਰਦੇਸ਼ਕ ਰਾਜ ਅਕਾਦਮੀ ਲੰਡਨ ਨੇ ਆਪਣੇ ਸਾਥੀਆਂ ਸਮੇਤ ਨਿਰਾਧਰਤ ਰਾਗਾਂ ਵਿਚ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ। ਸਿੱਖ ਵਿਦਵਾਨ ਡਾ. ਅਨੁਰਾਗ ਸਿੰਘ ਨੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ‘ਤੇ ਖੋਜ ਭਰਪੂਰ ਪਰਚਾ ਪੜ੍ਹਿਆ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਸਮੁੱਚੀ ਲੋਕਾਈ ਲਈ ਦੱਸਿਆ। ਵਿਚਾਰ ਗੋਸ਼ਟੀ ਕਾਲਜ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਗਲਪ ਜੁਗਤ ਵਿਸ਼ੇ ‘ਤੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਦੀ ਸਾਂਝ ਕੀਤੀ। ਇਸ ਦੌਰਾਨ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਵਿਚਾਰ ਗੋਸ਼ਟੀ ਵਿਚ ਉਚੇਚੇ ਤੌਰ ‘ਤੇ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਲੌਂਗੋਵਾਲ ਸਮੇਤ ਸਮੂਹ ਪ੍ਰਮੁੱਖ ਸ਼ਖ਼ਸ਼ੀਅਤ ਦਾ ਧੰਨਵਾਦ ਪ੍ਰਗਟ ਕੀਤਾ, ਉਥੇ ਨਾਲ ਹੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ, ਵਿਚਾਰਧਾਰਾ ਅਤੇ ਫਲਸਫਾ ਸਾਨੂੰ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਜੀ.ਐਨ.ਈ. ਕਾਲਜ ਦੇ ੬੦ ਕਰੀਬ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਟਰੱਸਟ ਵੱਲੋਂ ਭਾਈ ਲੌਂਗੋਵਾਲ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮੇਂ ਸ. ਗੁਰਮੇਲ ਸਿੰਘ ਸੰਗੋਵਾਲ, ਸ. ਗੁਰਚਰਨ ਸਿੰਘ ਗਿੱਲ, ਪ੍ਰਿੰਸੀਪਲ ਹਰਮੀਤ ਕੌਰ ਵੜੈਚ, ਮੈਨੇਜਰ ਰੇਸ਼ਮ ਸਿੰਘ, ਮੀਤ ਮੈਨੇਜਰ ਸ. ਗੁਰਮੀਤ ਸਿੰਘ ਅਤੇ ਟਰੱਸਟੀ ਮੈਂਬਰ ਹਾਜ਼ਰ ਸਨ।