ਅੰਮ੍ਰਿਤਸਰ 17 ਨਵੰਬਰ (             )
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਹਾਕੀ ਇੰਡੀਆ ਦੀ ਪ੍ਰਵਾਨਗੀ ਨਾਲ ਚਾਰ ਰੋਜ਼ਾ ਆਲ ਇੰਡੀਆ ਗੁਰੂ ਨਾਨਕ ਦੇਵ ਗੋਲਡ ਕੱਪ ਵੂਮੈਨ ਹਾਕੀ ਟੂਰਨਾਮੈਂਟ 2016 ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਟੂਰਨਾਮੈਂਟ ਵਿਚ ਦੇਸ਼ ਭਰ ਦੀਆਂ ਹਾਕੀ ਦੀਆਂ 12 ਪ੍ਰਮੁੱਖ ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਵਰਲਡ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀ ਜੀਵਨ ਵਿਚ ਖੇਡਾਂ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਨਾ ਕੇਵਲ ਵਿਦਿਆਰਥੀਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿਚ ਬਲਕਿ ਉਨ੍ਹਾਂ ਦੇ ਨੈਤਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਵਿਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਸਿੱਖ ਇਤਿਹਾਸ ਵਿਚੋਂ ਉਦਾਹਰਣਾਂ ਦੇ ਕੇ ਦੱਸਿਆ ਕਿ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਮੱਲ ਅਖਾੜੇ ਲਗਾਉਣੇ ਸ਼ੁਰੂ ਕੀਤੇ  ਅਤੇ ਫਿਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖਾੜੇ ਲਗਾਉਣੇ ਸ਼ੁਰੂ ਕੀਤੇ ਜਿਥੋਂ ਸਿੰਘਾਂ ਵਿਚ ਬੀਰ ਰਸ ਭਰਨ ਲਈ ਵਾਰ ਗਾਇਨ ਦੀ ਪ੍ਰੰਪਰਾ ਵੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੇਡਾਂ ਦੇ ਖੇਤਰ ਵਿਚ ਇਹ ਮਕਸਦ ਲੈ ਕੇ ਚੱਲੀ ਸੀ ਕਿ ਖੇਡਾਂ ਵਿਚ ਜੋ ਸਿੱਖ ਖਿਡਾਰੀ ਹੋਣ ਉਹ ਸਾਬਤ ਸੂਰਤ ਹੋਣ ਜੋ ਸਿੱਖ ਦੀ ਦੇਸ਼ ਵਿਦੇਸ਼ ਵਿਚ ਪਹਿਚਾਣ ਦਾ ਸਹੀ ਪ੍ਰਤੀਕ ਹੋਣ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਦੋਂ ਸਿੱਖ ਖਿਡਾਰੀ ਖੇਡਦੇ ਸਨ ਤਾਂ ਸਿੱਖ ਕੌਮ ਨੂੰ ਉਨ੍ਹਾਂ ਤੇ ਗੌਰਵ ਮਹਿਸੂਸ ਹੁੰਦਾ ਸੀ ਤੇ ਹੁਣ ਵੀ ਅਸੀਂ ਇਹੋ ਨਿਸ਼ਾਨਾ ਲੈ ਕੇ ਚੱਲੇ ਹਾਂ ਕਿ ਸਾਬਤ ਸੂਰਤ ਸਿੱਖ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲਿਆਂਦਾ ਜਾਵੇ ਤਾਂ ਜੋ ਉਹ ਦੂਸਰੇ ਖਿਡਾਰੀਆਂ ਲਈ ਇਕ ਰੋਲ ਮਾਡਲ ਸਾਬਤ ਹੋਣ। ਉਨ੍ਹਾਂ ਇਸ ਮੌਕੇ ਇਹ ਐਲਾਨ ਵੀ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਨਾਮਣਾ ਖੱਟਣ ਵਾਲੇ ਦੋ ਸਿੱਖ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਯਾਦ ਕੀਤਾ।

ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਦੱਸਿਆ ਕਿ ਇਹ ਟੂਰਨਾਮੈਂਟ ਪਹਿਲੇ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਵਿਖੇ 2014 ਤੋਂ ਚਲਾਈ ਜਾ ਰਹੀ ਹਾਕੀ ਅਕੈਡਮੀ ਦੀਆਂ ਖਿਡਾਰਨਾਂ ਨੇ ਰਾਸ਼ਟਰੀ ਪੱਧਰ ਤੇ 19 ਗੋਲਡ ਮੈਡਲ, 4 ਸਿਲਵਰ ਮੈਡਲ ਅਤੇ 3 ਕਾਂਸੀ ਦੇ ਮੈਡਲ ਜਿੱਤੇ ਹਨ। ਉਨ੍ਹਾਂ ਇਸ ਉਪਲਬਧੀ ਪਿਛੇ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਕੰਵਲਜੀਤ ਸਿੰਘ ਅਤੇ ਦਰੋਣਾਚਾਰੀਆ ਐਵਾਰਡੀ ਮੁੱਖ ਕੋਚ ਸ. ਬਲਦੇਵ ਸਿੰਘ ਦੀ ਯੋਗ ਅਗਵਾਈ ਦੱਸਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ 19 ਨਵੰਬਰ ਨੂੰ ਇਸ ਟੂਰਨਾਮੈਂਟ ਦੇ ਸਮਾਪਨ ਸਮਾਰੋਹ ਮੌਕੇ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਇਸ ਟੂਰਨਾਮੈਂਟ ਮੌਕੇ ਪੰਜਾਬ ਲਈ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖਟਣ ਵਾਲੇ ਦੋ ਉਘੇ ਖਿਡਾਰੀਆਂ, ਦਰੋਣਾਚਾਰੀਆ ਐਵਾਰਡੀ ਅਤੇ ਵਰਲਡ ਯੂਨੀਵਰਸਿਟੀ ਦੇ ਹਾਕੀ ਅਕੈਡਮੀ ਦੇ ਮੁੱਖ ਕੋਚ ਸ. ਬਲਦੇਵ ਸਿੰਘ ਅਤੇ ਓਲੰਪੀਅਨ ਸ. ਹਰਦੀਪ ਸਿੰਘ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮਗਰੋਂ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੀਆਂ ਵਰਲਡ ਯੂਨੀਵਰਸਿਟੀ ਦੀਆਂ ਹਾਕੀ ਅਕੈਡਮੀ ਦੀਆਂ ਵਿਦਿਆਰਥਣਾਂ ਨਵਪ੍ਰੀਤ ਕੌਰ, ਹਰਦੀਪ ਕੌਰ, ਰਿਤੂ, ਗਗਨਦੀਪ ਕੌਰ ਅਤੇ ਨਵਨੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਗਤਕਾ, ਭੰਗੜਾ ਅਤੇ ਸੂਫੀਆਨਾ ਸੰਗੀਤ ਦੀ ਰੂਹਾਨੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਵੱਖ ਵੱਖ ਸਿਖਿਆ ਸੰਸਥਾਵਾਂ ਦੇ ਮੁਖੀਆਂ ਦਾ ਵੀ ਸਨਮਾਨ ਕੀਤਾ ਗਿਆ। ਟੂਰਨਾਮੈਂਟ ਵਿਚ ਖੇਡੇ ਗਏ ਮੈਚਾਂ ਵਿਚ ਹਰਿਆਣੇ ਦੀ ਟੀਮ ਨੇ ਗਵਾਲੀਅਰ ਦੀ ਟੀਮ ਨੂੰ 3-0 ਨਾਲ ਹਰਾਇਆ ਅਤੇ ਰੋਹਤਕ ਦੀ ਟੀਮ ਨੇ ਬੁੰਦੇਲਖੰਡ ਨੂੰ 2-1 ਨਾਲ ਹਰਾਇਆ। ਇਸੇ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਟੀਮ ਨੇ ਸਟੀਲ ਅਥਾਰਟੀ ਆਫ ਇੰਡੀਆ ਦੀ ਟੀਮ ਨੂੰ 8-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਅਵਸਰ ਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਕੰਵਲਜੀਤ ਸਿੰਘ, ਡੀਨ ਰਿਸਰਚ ਡਾ. ਬਲਬੀਰ ਸਿੰਘ ਭਾਟੀਆ, ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ ਡਾ. ਬੀਰਬਿਕਰਮ ਸਿੰਘ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।