ਖਿਡਾਰੀਆਂ ਦੀ ਦਰਜਾਬੰਦੀ ਲਈ ਕਮੇਟੀ ਗਠਿਤ

ਅੰਮ੍ਰਿਤਸਰ, 8 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਖਾਲਸਾਈ ਖੇਡਾਂ ੧੪ ਤੋਂ ੧੬ ਅਕਤੂਬਰ ਤੱਕ ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਈਆਂ ਜਾਣਗੀਆਂ। ਇਹ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਕੂਲੀ ਵਿਦਿਆਰਥੀਆਂ ਦਾ ਹਾਲ ਹੀ ਵਿਚ ਸੁਲਤਾਨਪੁਰ ਲੋਧੀ ਵਿਖੇ ਖਾਲਸਾਈ ਖੇਡ ਉਤਸਵ ਕਰਵਾਉਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਕਾਲਜਾਂ ਦੀਆਂ ਖਾਲਸਾਈ ਖੇਡਾਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਈਆਂ ਜਾਣਗੀਆਂ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਕਾਲਜਾਂ ਦੇ ਖਿਡਾਰੀ ਖਾਲਸਾਈ ਜਾਹੋ ਜਲਾਲ ਨਾਲ ਹਿੱਸਾ ਲੈਣਗੇ। ਉਨ੍ਹਾਂ ਖਾਲਸਾਈ ਖੇਡਾਂ ਸਮੇਂ ਖਿਡਾਰੀਆਂ ਦੀ ਦਰਜਾਬੰਦੀ ਕਰਨ ਲਈ ਜੱਜਾਂ ਦੇ ਪੈਨਲ ਦਾ ਵੀ ਐਲਾਨ ਕੀਤਾ। ਖੇਡਾਂ ਸਮੇਂ ਜੱਜਮੈਂਟ ਕਰਨ ਲਈ ਬਣਾਏ ਗਏ ਇਸ ਪੈਨਲ ਵਿਚ ਸ. ਜੈਪਾਲ ਸਿੰਘ ਪੀ.ਪੀ.ਐਸ., ਸ੍ਰੀਮਤੀ ਗੁਰਦੀਪ ਕੌਰ ਸਪੋਰਟਸ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ. ਜਤਿੰਦਰਪਾਲ ਸਿੰਘ ਸਿੱਧੂ ਡਾਇਰੈਕਟਰ, ਪ੍ਰਿੰ. ਸਤਵੰਤ ਕੌਰ ਸਹਾਇਕ ਡਾਇਰੈਕਟਰ ਸਕੂਲਜ਼ ਸ਼੍ਰੋਮਣੀ ਕਮੇਟੀ, ਡਾ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਅਲਾ, ਸ੍ਰੀਮਤੀ ਤੇਜਿੰਦਰਪਾਲ ਕੌਰ ਧਾਲੀਵਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਲੜਕੀਆਂ ਸ੍ਰੀ ਮੁਕਤਸਰ ਸਾਹਿਬ ਅਤੇ ਸ. ਕੇਵਲ ਸਿੰਘ ਵਧੀਕ ਸਕੱਤਰ (ਕੋਆਰਡੀਨੇਟਰ) ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਸ ਸਬੰਧ ਵਿਚ ਪ੍ਰਬੰਧ ਅਤੇ ਤਿਆਰੀਆਂ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

Convert