ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਸ਼ੁੱਕਰਵਾਰ, ੨੭ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੯ ਮਈ, ੨੦੨੫ (ਅੰਗ: ੬੯੪)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ ’84 ਦਾ ਸਰਕਾਰੀ ਹਮਲਾ ਦੁਨੀਆਂ ਦੇ ਇਤਿਹਾਸ ’ਚ ਕਾਲਾ ਧੱਬਾ- ਐਡਵੋਕੇਟ ਧਾਮੀ

ਅੰਮ੍ਰਿਤਸਰ, 24 ਅਕਤੂਬਰ-
ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਗ੍ਰਿਫ਼ਤਾਰ ਕਰਕੇ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਰੱਖੇ ਗਏ ਸਿੱਖਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਅਤੇ ਹੋਰਨਾਂ ਸਹਿਯੋਗੀ ਸ਼ਖ਼ਸੀਅਤਾਂ ਦਾ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਨ੍ਹਾਂ ਸਨਮਾਨਿਤ ਸ਼ਖ਼ਸੀਅਤਾਂ ਵਿਚ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ, ਐਡਵੋਕੇਟ ਲਖਵੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਸਤਬੀਰ ਸਿੰਘ ਧਾਮੀ ਅਤੇ ਸ. ਦਲੀਪ ਸਿੰਘ ਜਗਦੇਵ ਕਲਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮੌਜੂਦਾ ਸਮੇਂ ਜੇਲ੍ਹਾਂ ’ਚ ਨਜ਼ਰਬੰਦ ਬੇਕਸੂਰ ਸਿੱਖ ਨੌਜੁਆਨਾਂ ਦੇ ਕੇਸਾਂ ਦੀ ਪੈਰਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ, ਸ੍ਰੀ ਸਾਹਿਬ ਤੇ ਨਾਲ ਵਿਸ਼ੇਸ਼ ਤਸਤਰੀ ਦਿੱਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਨੂੰ ਸਰਕਾਰਾਂ ਵੱਲੋਂ ਸਮੇਂ-ਸਮੇਂ ਨਿਸ਼ਾਨੇ ’ਤੇ ਲਿਆ ਜਾਂਦਾ ਰਿਹਾ ਹੈ ਅਤੇ ਇਸ ਦੌਰਾਨ ਸਿੱਖਾਂ ਨਾਲ ਧੱਕੇਸ਼ਾਹੀ ਦੀ ਪੀੜਾ ਕੌਮ ਕਦੇ ਨਹੀਂ ਭੁੱਲ ਸਕਦੀ। ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਸਰਕਾਰੀ ਹਮਲਾ ਦੁਨੀਆਂ ਦੇ ਇਤਿਹਾਸ ’ਚ ਕਾਲਾ ਧੱਬਾ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਦੌਰਾਨ ਜਿਥੇ ਪਾਵਨ ਗੁਰ-ਅਸਥਾਨਾਂ ਦਾ ਵੱਡਾ ਨੁਕਸਾਨ ਕੀਤਾ ਗਿਆ ਅਤੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਉਥੇ ਹੀ ਵੱਡੀ ਗਿਣਤੀ ’ਚ ਸਿੱਖ ਜੇਲ੍ਹਾਂ ਅੰਦਰ ਵੀ ਬੰਦ ਰੱਖੇ ਗਏ। ਇਸ ਸਮੇਂ ਜੋਧਪੁਰ ਜੇਲ੍ਹ ਵਿਚ ਵੀ 379 ਸਿੱਖਾਂ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਤੀਤ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖ ਬੰਦੀਆਂ ਦੇ ਮਾਮਲਿਆਂ ਦੀ ਪੈਰਵਾਈ ਲਈ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਦਿਆਂ ਜਿਨ੍ਹਾਂ ਸ਼ਖ਼ਸੀਅਤਾਂ ਨੇ ਅਹਿਮ ਰੋਲ ਨਿਭਾਇਆ ਹੈ, ਉਨ੍ਹਾਂ ਦਾ ਸਿੱਖ ਕੌਮ ਅੰਦਰ ਵੱਡਾ ਸਤਿਕਾਰ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸੰਸਥਾ ਮੌਜੂਦਾ ਸਮੇਂ ਵੀ ਸਰਕਾਰੀ ਧੱਕੇਧਾਹੀ ਦਾ ਸ਼ਿਕਾਰ ਹੋਏ ਸਿੱਖਾਂ ਦੇ ਕੇਸਾਂ ’ਤੇ ਕਾਰਜ ਕਰ ਰਹੀ ਹੈ ਅਤੇ ਭਵਿੱਖ ਅੰਦਰ ਵੀ ਆਪਣਾ ਫ਼ਰਜ਼ ਨਿਭਾਉਂਦੀ ਰਹੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜੋਧਪੁਰ ਜੇਲ੍ਹ ਵਿਚ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਸਰਕਾਰਾਂ ਦੇ ਜ਼ਬਰ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਨਮਾਨਿਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਨੇ ਦਿਲੋਂ ਯਤਨ ਕਰਦਿਆਂ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕੀਤਾ, ਜਿਸ ਸਦਕਾ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ। ਇਸ ਦੌਰਾਨ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਨੇ ਜੋਧਪੁਰ ਬੰਦੀਆਂ ਦੇ ਕੇਸਾਂ ਦੀ ਪੈਰਵਾਈ ਕਰਦਿਆਂ ਆਈਆਂ ਮੁਸ਼ਕਲਾਂ ਦਾ ਖੁਲਾਸਾ ਕੀਤਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੇ ਸਨਮਾਨ ਦੇ ਉਪਰਾਲੇ ਲਈ ਧੰਨਵਾਦ ਕੀਤਾ। ਐਡਵੋਕੇਟ ਹੁੰਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜੋਧਪੁਰ ਮਾਮਲੇ ਸਬੰਧੀ ਖੋਜ ਕਾਰਜ ਅਤੇ ਸਬੰਧਤਾਂ ਦੀਆਂ ਯਾਦਾਂ ਨੂੰ ਕਿਤਾਬੀ ਰੂਪ ਵਿਚ ਸੰਭਾਲਣ ਦੀ ਵੀ ਮੰਗ ਕੀਤੀ, ਜਿਸ ’ਤੇ ਐਡਵੋਕੇਟ ਧਾਮੀ ਨੇ ਹਾਂਪੱਖੀ ਹੁੰਗਾਰਾ ਭਰਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਪਰਮਜੀਤ ਸਿੰਘ ਖਾਲਸਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਬੀਬੀ ਜੋਗਿੰਦਰ ਕੌਰ, ਸ. ਹਰਪਾਲ ਸਿੰਘ ਜੱਲਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਸ. ਮਨਜੀਤ ਸਿੰਘ ਸਰਨਾ ਦਿੱਲੀ, ਸਿੱਖ ਵਿਦਵਾਨ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਸਕੱਤਰ ਸ. ਪ੍ਰਤਾਪ ਸਿੰਘ, ਇੰਜੀ: ਸੁਖਮਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਸ. ਤੇਜਿੰਦਰ ਸਿੰਘ ਪੱਡਾ, ਸ. ਪ੍ਰੀਤਪਾਲ ਸਿੰਘ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਕੁਲਦੀਪ ਸਿੰਘ ਰੋਡੇ, ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ ਤਲਵੰਡੀ, ਸ. ਸੁਖਬੀਰ ਸਿੰਘ, ਸੁਪਰਡੈਂਟ ਸ. ਨਿਸ਼ਾਨ ਸਿੰਘ, ਸ. ਇਕਬਾਲ ਸਿੰਘ ਮੁਖੀ ਆਦਿ ਹਾਜ਼ਰ ਸਨ।