ਅੰਮ੍ਰਿਤਸਰ, 10 ਅਪ੍ਰੈਲ-
ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਅਨੀ ਜਗਤਾਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 31-31 ਹਜ਼ਾਰ ਰੁਪਏ ਭੇਟ ਕੀਤੇ ਹਨ। ਉਨ੍ਹਾਂ ਲੰਗਰ ਸੇਵਾ ਲਈ ਇਸ ਰਾਸ਼ੀ ਦੇ ਚੈੱਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਹਾਜ਼ਰੀ ਵਿਚ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਨੂੰ ਸੌਂਪੇ ਅਤੇ ਕਰੋਨਾ ਮਹਾਂਮਾਰੀ ਤੋਂ ਛੁਟਕਾਰੇ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ। ਸਿੰਘ ਸਾਹਿਬਾਨ ਨੇ ਕਿਹਾ ਕਿ ਇਸ ਸੰਕਟਮਈ ਸਮੇਂ ਵਿਚ ਲੋੜਵੰਦਾਂ ਨੂੰ ਲੰਗਰ ਮੁਹੱਈਆ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦਾ ਉਪਰਾਲਾ ਸ਼ਲਾਘਾਯੋਗ ਹੈ। ਇਸ ਕਾਰਜ ਲਈ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸੇ ਦੌਰਾਨ ਬੀਤੇ ਕੱਲ੍ਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਵੀ 25 ਹਜ਼ਾਰ ਰੁਪਏ ਲੰਗਰ ਲਈ ਸੇਵਾ ਵਿਚ ਪਾਏ ਗਏ ਹਨ। ਅੱਜ ਸਿੰਘ ਸਾਹਿਬਾਨ ਵੱਲੋਂ ਲੰਗਰ ਸੇਵਾ ਵਿਚ ਹਿੱਸਾ ਪਾਉਣ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾਂ, ਸ. ਸਕੱਤਰ ਸਿੰਘ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਇਕਬਾਲ ਸਿੰਘ ਮੁਖੀ, ਸ. ਗੁਰਾ ਸਿੰਘ ਆਦਿ ਮੌਜੂਦ ਸਨ।