ਅੰਮ੍ਰਿਤਸਰ, 11 ਅਪ੍ਰੈਲ-
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਖ਼ਾਲਸਾ ਸਾਜਣਾ ਦਿਵਸ ਦੇ 325ਵੇਂ ਦਿਹਾੜੇ ਮੌਕੇ 13 ਅਪ੍ਰੈਲ 2024 ਨੂੰ ਸਿੱਖ ਕੌਮ ਨੂੰ ਖ਼ਾਲਸਈ ਨਿਸ਼ਾਨ ਝੁਲਾਉਣ ਦਾ ਆਦੇਸ਼ ਕੌਮੀ ਸੰਗਠਨ ਅਤੇ ਇਕਜੁਟਤਾ ਦੀ ਭਾਵਨਾ ਪੈਦਾ ਕਰਨ ਵਾਲਾ ਹੈ। ਇਸ ਨਾਲ ਸਿੱਖ ਜਗਤ ਅੰਦਰ ਚੜ੍ਹਦੀ ਕਲਾ ਦੀ ਲਹਿਰ ਪ੍ਰਚੰਡ ਹੋਵੇਗੀ ਅਤੇ ਪੂਰੀ ਦੁਨੀਆਂ ਅੰਦਰ ਖਾਲਸਈ ਜਾਹੋ-ਜਲਾਲ ਪ੍ਰਗਟ ਹੋਵੇਗਾ। ਇਹ ਵਿਚਾਰ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਾਂਝੇ ਤੌਰ ’ਤੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਪਹਿਰਾ ਦੇਣਾ ਹਰ ਸਿੱਖ ਦਾ ਫ਼ਰਜ਼ ਹੈ।
ਭਾਈ ਮਹਿਤਾ ਅਤੇ ਭਾਈ ਚਾਵਲਾ ਨੇ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਦੀ ਵਿਸਾਖੀ ਨੂੰ ਮਨੁੱਖੀ ਬਰਾਬਰੀ ਅਤੇ ਸਵੈ-ਮਾਣ ਨੂੰ ਪ੍ਰਚੰਡ ਕਰਨ ਲਈ ਖ਼ਾਲਸਾ ਪੰਥ ਦੀ ਸਿਰਜਣਾ ਦਾ ਵਰਤਾਰਾ ਵਿਸ਼ਵ ਦੇ ਇਤਿਹਾਸ ਵਿਚ ਅਦੁੱਤੀ ਅਤੇ ਇਨਕਲਾਬੀ ਘਟਨਾ ਸੀ। ਦਸਮੇਸ਼ ਪਿਤਾ ਵੱਲੋਂ ਖ਼ਾਲਸਾ ਸਾਜਣਾ ਦੇ ਨਾਲ ਜਿਥੇ ਨਿਮਾਣੇ, ਨਿਤਾਣੇ ਅਤੇ ਲਤਾੜੇ ਲੋਕਾਂ ਵਿਚ ਜੋਸ਼ ਅਤੇ ਉਤਸ਼ਾਹ ਪੈਦਾ ਹੋਇਆ, ਉੱਥੇ ਊਚ-ਨੀਚ, ਜਾਤ-ਪਾਤ ਅਤੇ ਹੋਰ ਭਿੰਨ-ਭੇਦ ਵੀ ਖ਼ਤਮ ਹੋਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਾਜੇ ਖਾਲਸਾ ਪੰਥ ਨੇ ਪੂਰੀ ਦੁਨੀਆਂ ਅੰਦਰ ਮਨੁੱਖੀ ਭਾਈਚਾਰੇ ਦੀ ਬੇਹਤਰੀ ਲਈ ਕਾਰਜ ਕੀਤੇ ਅਤੇ ਅੱਜ ਵਿਸ਼ਵੀਕਰਨ ਦੇ ਯੁੱਗ ਅੰਦਰ ਸਿੱਖਾਂ ਵੀ ਵਿਲੱਖਣ ਪਛਾਣ ਕਾਇਮ ਹੈ। ਉਨ੍ਹਾਂ ਕਿਹਾ ਕਿ 325 ਸਾਲ ਪੂਰੇ ਹੋਣ ’ਤੇ ਖਾਲਸਾ ਸਾਜਣਾ ਦਿਵਸ ਮੌਕੇ ਸਿੰਘ ਸਾਹਿਬ ਵੱਲੋਂ ਘਰਾਂ ਉੱਪਰ ਖਾਲਸਈ ਨਿਸ਼ਾਨ ਝੁਲਾਉਣ ਦੀ ਪ੍ਰੇਰਣਾ ਕੌਮੀ ਸੰਗਠਨ ਅਤੇ ਇਕਜੁਟਤਾ ਲਈ ਵੱਡੇ ਅਰਥ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕੁਝ ਪੰਥ ਵਿਰੋਧੀ ਸ਼ਕਤੀਆਂ ਕੌਮ ਅੰਦਰ ਫੁੱਟ ਪਾਉਣ ਦੇ ਆਹਰ ਵਿਚ ਹਨ, ਤਾਂ ਅਜਿਹੇ ਸਮੇਂ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਗਟਾਅ ਲਈ ਪੂਰੀ ਸਿੱਖ ਕੌਮ ਵੱਲੋਂ ਇਕਸੁਰ ਹੋ ਕੇ ਖਾਲਸਈ ਜਲੌ ਪ੍ਰਗਟ ਕਰਨਾ ਅਹਿਮ ਸਾਬਤ ਹੋਵੇਗਾ। ਉਨ੍ਹਾਂ ਆਖਿਆ ਕਿ ਖ਼ਾਲਸਾ ਸਾਜਣਾ ਦਿਵਸ ਭਾਵੇਂ ਹਰ ਸਾਲ ਸਿੱਖ ਕੌਮ ਪੂਰੇ ਹਰਸ਼ੋ-ਹੁਲਾਸ ਨਾਲ ਮਨਾਉਂਦੀ ਹੈ, ਪਰ ਇਸ ਵਾਰ 325ਵਾਂ ਖ਼ਾਲਸਾ ਸਾਜਨਾ ਦਿਵਸ ਦਾ ਵੇਲਾ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਇਤਿਹਾਸਕ ਹੋ ਨਿਬੜੇਗਾ। ਉਨ੍ਹਾਂ ਸਮੁੱਚੀ ਕੌਮ ਨੂੰ ਵੀ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਖ਼ਾਲਸਾ ਸਾਜਣਾ ਦਿਵਸ ਮੌਕੇ 13 ਅਪ੍ਰੈਲ ਨੂੰ ਖ਼ਾਲਸਈ ਨਿਸ਼ਾਨ ਝੁਲਾਏ ਜਾਣ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਸ. ਧਰਮਿੰਦਰ ਸਿੰਘ, ਸ. ਸਤਨਾਮ ਸਿੰਘ ਝੱਜ ਤੇ ਹੋਰ ਮੌਜੂਦ ਸਨ।