ਗੁਰਮਤਿ ਸਿਖਲਾਈ ਕੇਂਦਰ ਵਿਚ ਗੁਰਮਤਿ ਦੇ ਨਾਲ-ਨਾਲ ਪ੍ਰਬੰਧ ਅਤੇ ਵਿਵਹਾਰ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ- ਪ੍ਰੋ: ਕਿਰਪਾਲ ਸਿੰਘ ਬਡੂੰਗਰ

ਪਟਿਆਲਾ 16 ਫਰਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਇੰਸਟੀਟਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਵਿਖੇ ‘ਗੁਰਮਤਿ ਸਿਖਲਾਈ ਕੇਂਦਰ’ ਦੀ ਆਰੰਭਤਾ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸੰਸਥਾ ਵਿਚ ਗੁਰਮਤਿ ਸਬੰਧੀ ਖੋਜ ਕਾਰਜਾਂ ਦੇ ਨਾਲ-ਨਾਲ ਗੁਰੂ ਘਰਾਂ ਅੰਦਰ ਸੇਵਾ ਨਿਭਾਅ ਰਹੇ ਵੱਖ-ਵੱਖ ਮੁਲਾਜ਼ਮਾਂ ਅਤੇ ਪ੍ਰਚਾਰਕ ਸ਼੍ਰੇਣੀ ਨੂੰ ਆਪੋ-ਆਪਣੇ ਖੇਤਰ ਵਿਚ ਹੋਰ ਕੁਸ਼ਲ ਬਣਾਉਣ ਅਤੇ ਗੁਰਦੁਆਰਾਂ ਪ੍ਰਬੰਧ ਵਿਚ ਨਿਪੁੰਨ ਕਰਨ ਲਈ ਵਿਉਂਤਬੰਦੀ ਕੀਤੀ ਗਈ ਹੈ। ਉਨ੍ਹਾਂ ‘ਗੁਰਮਤਿ ਸਿਖਲਾਈ ਕੇਂਦਰ’ ਨੂੰ ਆਰੰਭ ਕਰਨ ਸਬੰਧੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਲੰਮੇ ਅਰਸੇ ਤੋਂ ਉਨ੍ਹਾਂ ਦੇ ਮਨ ਅੰਦਰ ਇਹ ਵਿਚਾਰ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਮੁਲਾਜ਼ਮ ਨੂੰ ਸਮੇਂ-ਸਮੇਂ ‘ਤੇ ਰਿਫਰੈਸ਼ਰ ਕੋਰਸ ਦੁਆਰਾ ਉੱਤਮ ਦਰਜੇ ਦੀ ਸਿਖਲਾਈ ਦੇ ਕੇ ਰੋਲ ਮਾਡਲ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਹੀ ਸਿਖਲਾਈ ਕੈਂਪ ਆਪਣੀ ਪਹਿਲੇ ਪ੍ਰਧਾਨਗੀ ਕਾਰਜਕਾਲ ਦੌਰਾਨ ਵੀ ਸਫਲਤਾ ਪੂਰਵਕ ਚਲਾਏ ਸਨ ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆਏ ਸਨ। ਇਸੇ ਪ੍ਰਸੰਗ ਵਿਚ ਹੀ ਇਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਤੇ ਅੰਤ੍ਰਿੰਗ ਮੈਂਬਰ ਸ. ਨਿਰਮਲ ਸਿੰਘ ਹਰਿਆਓ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤੇ ਗਏ ਇਸ ਵਡਮੁੱਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਰਜ ਬੇਹੱਦ ਜ਼ਰੂਰੀ ਅਤੇ ਲਾਭਕਾਰੀ ਹੈ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਮੁਖਤਿਆਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਨੇ ਸੰਗਤ ਨੂੰ ਸ਼ਬਦ ਕੀਰਤਨ ਨਾਲ ਜੋੜਿਆ ਅਤੇ ਭਾਈ ਪਰਨਾਮ ਸਿੰਘ ਹੈਡ ਗ੍ਰੰਥੀ ਨੇ ਅਰਦਾਸ ਕੀਤੀ। ਇਸ ਮੌਕੇ ਸਥਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੂੰ ਇਸ ਗੁਰਮਤਿ ਸਿਖਲਾਈ ਕੇਂਦਰ ਵਿਚ ਗੁਰਮਤਿ ਦੇ ਨਾਲ-ਨਾਲ ਪ੍ਰਬੰਧ ਅਤੇ ਵਿਵਹਾਰ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਸ਼ਖਸੀਅਤ ਵਿਚ ਹੋਰ ਨਿਖਾਰ ਆ ਸਕੇ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁਲਾਜ਼ਮ ਭਰਤੀ ਹੋਣ ਵਾਲੇ ਹਰ ਵਿਅਕਤੀ ਨੂੰ ਪਹਿਲਾਂ ਇਸ ਸਿਖਲਾਈ ਕੇਂਦਰ ਵਿਖੇ ਇੱਕ ਮਹੀਨੇ ਦੀ ਮੁੱਢਲੀ ਟ੍ਰੇਨਿੰਗ ਦਿੱਤੀ ਜਾਇਆ ਕਰੇਗੀ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਵੱਖ-ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਅਦਾਰਿਆਂ ਵਿਚ ਲਗਾਏ ਜਾਂਦੇ ਰਿਫਰੈਸ਼ਰ ਕੋਰਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰ ਵਿਭਾਗ ਲਈ ਸਮੇਂ-ਸਮੇਂ ‘ਤੇ ਆਪਣੇ ਮੁਲਾਜ਼ਮਾਂ ਨੂੰ ਅਜਿਹੇ ਕੋਰਸਾਂ ਦੁਆਰਾ ਵਰਤਮਾਨ ਚੁਣੌਤੀਆਂ ਅਤੇ ਲੋੜਾਂ ਅਨੁਸਾਰ ਢਾਲਣਾ ਬਹੁਤ ਜ਼ਰੂਰੀ ਹੁੰਦਾ ਹੈ। ਖਾਸਕਰ ਗੁਰਦੁਆਰਾ ਸੇਵਾ ਵਿਚ ਆਉਣ ਵਾਲੇ ਮੁਲਾਜ਼ਮਾਂ ਲਈ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦਾ ਸਿੱਧਾ ਰਾਬਤਾ ਸੰਗਤ ਨਾਲ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਤੇ ਵਿਦਵਾਨਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜ਼ਿਕਰ ਕਰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਦੇ ਨਾਮ ‘ਤੇ ਸਥਾਪਤ ਕੀਤੇ ਗਏ ਇਸ ਇੰਸਟੀਟਿਊਟ ਨੂੰ ਵਿਸ਼ਾਲ ਪੱਧਰ ਦੀ ਨੁਹਾਰ ਦੇਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਸਮੇਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਟਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਦੀ ਨਵੀਂ ਬਣੀ ਆਧੁਨਿਕ ਤੇ ਵਿਰਾਸਤੀ ਇਮਾਰਤ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਜਰਨੈਲ ਸਿੰਘ ਕਰਤਾਰਪੁਰ, ਸ. ਲਾਭ ਸਿੰਘ ਦੇਵੀਨਗਰ, ਸ. ਸਵਿੰਦਰ ਸਿੰਘ ਸੱਭਰਵਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਸਤਵਿੰਦਰ ਸਿੰਘ ਟੌਹੜਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਹੀਰਾ ਸਿੰਘ ਚਿੜੇਵਾਨ, ਸੰਤ ਗੁਰਮੀਤ ਸਿੰਘ ਤਿਰਲੋਕੇਵਾਲਾ, ਸ. ਅਵਤਾਰ ਸਿੰਘ ਵਣਵਾਲਾ ਮੈਂਬਰ ਧਰਮ ਪ੍ਰਚਾਰ ਕਮੇਟੀ, ਸਾਬਕਾ ਮੈਂਬਰ ਸ. ਬਲਵੰਤ ਸਿੰਘ ਰਾਮਗੜ੍ਹ ਤੇ ਬੀਬੀ ਪਰਮਜੀਤ ਕੌਰ ਬਜਾਜ, ਡਾ. ਪਰਮਵੀਰ ਸਿੰਘ ਮੈਂਬਰ ਸਿੱਖ ਇਤਿਹਾਸ ਰੀਸਰਚ ਬੋਰਡ, ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲੇ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਸ. ਅਜੈਬ ਸਿੰਘ ਮੁਖਮੈਲਪੁਰ, ਧਰਮ ਪ੍ਰਚਾਰ ਕਮੇਟੀ ਦੇ ਐਡੀ: ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਤੇ ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਤੇ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸ਼ਮਸ਼ੇਰ ਸਿੰਘ ਬਡੂੰਗਰ, ਡਾ. ਗੁਰਮੋਹਨ ਸਿੰਘ ਵਾਲੀਆ ਵੀ.ਸੀ., ਡਾ. ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਵਿਦਿਆ, ਡਾ. ਬਲਕਾਰ ਸਿੰਘ ਤੇ ਡਾ. ਗੁਰਵੀਰ ਸਿੰਘ ਡਾਇਰੈਕਟਰ, ਸ. ਜਗਮੋਹਣ ਸਿੰਘ ਗਿੱਲ ਕਲਕੱਤਾ, ਡਾ. ਕਰਮਜੀਤ ਸਿੰਘ, ਡਾ. ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ, ਡਾ. ਚਮਕੌਰ ਸਿੰਘ, ਡਾ. ਸੁਖਦਿਆਲ ਸਿੰਘ, ਡਾ. ਗੁਰਨੇਕ ਸਿੰਘ, ਸ. ਭਗਵੰਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਸ. ਜੋਗਾ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਬਹਾਦਰਗੜ੍ਹ, ਸ. ਸੁਖਮਿੰਦਰ ਸਿੰਘ ਐਕਸੀਅਨ, ਸ. ਕੁਲਵੰਤ ਸਿੰਘ ਗਰੇਵਾਲ, ਸ. ਹਰਦੇਵ ਸਿੰਘ ਹਰਪਾਲਪੁਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।