25 ਜੁਲਾਈ  ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਆਪਣੇ ਬੱਚਿਆਂ ਅਤੇ ਨੌਜੁਆਨਾਂ ਨੂੰ ਨੈਤਿਕ ਅਤੇ ਧਾਰਮਿਕ ਸਿੱਖਿਆ ਨਾਲ ਜੋੜਨਾ ਸਿੱਖ ਸੰਸਥਾਵਾਂ, ਵਿਦਿਅਕ ਅਦਾਰਿਆਂ ਅਤੇ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿਥੇ ਅਸੀਂ ਆਪਣੇ ਬੱਚਿਆਂ ਨੂੰ ਅਗਾਂਹਵਧੂ ਅਤੇ ਕਿੱਤਾਮੁਖੀ ਸਿਖਿਆ ਵਿਚ ਨਿਪੁੰਨ ਬਣਾਉਣਾ ਚਾਹੁੰਦੇ ਹਾਂ ਉਥੇ ਹੀ ਉਨ੍ਹਾਂ ਨੂੰ ਜੀਵਨ ਦੇ ਸਰੋਕਾਰਾਂ ਨਾਲ ਜੋੜਦੀ ਗੁਰਮਤਿ ਦੀ ਸਿਖਿਆ ਮੁਹੱਈਆ ਕਰਵਾਉਣਾ ਵੀ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਜਿਥੇ ਆਪਣੇ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਧਾਰਮਿਕ ਸਿਖਿਆ ਪ੍ਰਦਾਨ ਕਰ ਰਹੀ ਹੈ ਉਥੇ ਹੀ ਵਿਸ਼ਾਲ ਪੱਧਰ ‘ਤੇ ਧਰਮ ਪ੍ਰਚਾਰ ਲਹਿਰ ਵੀ ਆਰੰਭੀ ਗਈ ਹੈ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸਿੱਖ ਕੌਮ ਦੀ ਸਾਹਿਤਕ ਵਿਰਾਸਤ ਨੂੰ ਖਤਮ ਕਰਨ ਦੀ ਨੀਅਤ ਨਾਲ ਕੇਂਦਰ ਸਰਕਾਰ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਚੁੱਕਿਆ ਗਿਆ ਸਮਾਨ ਤੁਰੰਤ ਵਾਪਸ ਕਰਨਾ ਚਾਹੀਦਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ਪ੍ਰਤੀ ਕੇਂਦਰ ਦੀ ਪ੍ਰਤੀਕਿਰਿਆ ਸਮੇਂ ਸਮੇਂ ‘ਤੇ ਬਦਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਤਾਜ਼ਾ ਜੁਆਬ ਅਨੁਸਾਰ ਕਿ ਉਨ੍ਹਾਂ ਪਾਸ ਲਾਇਬ੍ਰੇਰੀ ਦਾ ਕੋਈ ਵੀ ਸਮਾਨ ਮੌਜੂਦ ਨਹੀਂ ਹੈ, ਹੈਰਾਨੀ ਪ੍ਰਗਟ ਕਰਦਾ ਹੈ। ਪ੍ਰੋ: ਬਡੂੰਗਰ ਨੇ ਇਹ ਵੀ ਕਿਹਾ ਕਿ ਕੇਂਦਰ ਨੂੰ ਲਾਇਬ੍ਰੇਰੀ ਦਾ ਸਮਾਨ ਵਾਪਸ ਕਰਨ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਲਾਇਬ੍ਰੇਰੀ ਦੀ ਸਾਹਿਤਕ ਸ਼ਾਨ ਮੁੜ ਬਹਾਲ ਕਰਨ ਲਈ ਸਾਹਿਤਕ ਖਜ਼ਾਨਾ ਤੁਰੰਤ ਵਾਪਸ ਕਰਨਾ ਚਾਹੀਦਾ ਹੈ।
ਉਨ੍ਹਾਂ ਧਰਮੀ ਫੌਜੀਆਂ ਦੀ ਬਣਾਈ ਜਾਣ ਵਾਲੀ ਯਾਦਗਾਰ ਸਬੰਧੀ ਗੱਲ ਕਰਿਦਆਂ ਕਿਹਾ ਕਿ ਇਸਦੀ ਰੂਪ ਰੇਖਾ ਸਬੰਧੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਵਿਚਾਰ ਕੀਤੀ ਜਾਵੇਗੀ ਅਤੇ ਜਲਦ ਇਸ ਸਬੰਧੀ ਕੋਈ ਫੈਸਲਾ ਲੈ ਲਿਆ ਜਾਵੇਗਾ।