ਅੰਮ੍ਰਿਤਸਰ, 12 ਅਗਸਤ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਕਾਕਾ ਅਵਤਾਰ ਸਿੰਘ ਨੂੰ ਵੱਖ-ਵੱਖ ਦਸਤਾਰ ਮੁਕਾਬਲਿਆਂ ਦੌਰਾਨ ਸ਼ੀਸ਼ਾ ਦੇਖੇ ਬਗੈਰ ਸੁੰਦਰ ਦਸਤਾਰ ਸਜਾਉਣ ਕਰਕੇ ੫੧੦੦/- ਰੁਪਏ ਦਾ ਚੈੱਕ ਇਨਾਮ ਵਜੋਂ ਦਿੱਤਾ। ਪਟਿਆਲਾ ਨਿਵਾਸੀ ਸ. ਗੁਰਸੇਵਕ ਸਿੰਘ ਦੇ ਹੋਣਹਾਰ ਸਪੁੱਤਰ ਕਾਕਾ ਅਵਤਾਰ ਸਿੰਘ ਵੱਲੋਂ ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਹੋਏ ਇੱਕ ਦਸਤਾਰ ਮੁਕਾਬਲੇ ਦੌਰਾਨ ਅੱਖਾਂ ਉਪਰ ਪੱਟੀ ਬੰਨ੍ਹ ਕੇ ਥੋੜੇ ਸਮੇਂ ਵਿਚ ਸੁੰਦਰ ਦਸਤਾਰ ਸਜਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਜਿਸਦੀ ਹਰ ਇੱਕ ਵੱਲੋਂ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਕਾਕਾ ਅਵਤਾਰ ਸਿੰਘ ਨੂੰ ਹੌਸਲਾ ਅਫਜ਼ਾਈ ਤੇ ਉਤਸ਼ਾਹ ਲਈ ਇਸ ਇਨਾਮ ਦਾ ਐਲਾਨ ਕੀਤਾ ਸੀ।
ਦਫਤਰ ਸ਼੍ਰੋਮਣੀ ਕਮੇਟੀ ਵਿਖੇ ਅੱਜ ਕਾਕਾ ਅਵਤਾਰ ਸਿੰਘ ਨੂੰ ਚੈਕ ਦੇਣ ਸਮੇਂ ਭਾਈ ਰਾਮ ਸਿੰਘ ਨੇ ਕਿਹਾ ਕਿ ਅਜਿਹੇ ਬੱਚੇ ਹੋਰਨਾਂ ਬੱਚਿਆਂ ਵਿਚ ਵੀ ਦਸਤਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਇੱਕ ਪ੍ਰੇਰਨਾ ਹਨ। ਉਨ੍ਹਾਂ ਕਿਹਾ ਕਿ ਸਿੱਖ ਮਾਪਿਆਂ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਸਾਬਤ ਸੂਰਤ ਸਰੂਪ ਵਿਚ ਰੱਖ ਕੇ ਦਸਤਾਰ ਸਜਾਉਣ ਲਈ ਉਤਸ਼ਾਹਤ ਕਰਨ। ਇਸ ਮੌਕੇ ਸ. ਹਰਭਜਨ ਸਿੰਘ ਵਕਤਾ, ਸ. ਜਗੀਰ ਸਿੰਘ ਆਦਿ ਹਾਜ਼ਰ ਸਨ।