ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਪੰਜਾਬੀ ਮਾਂ-ਬੋਲੀ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਸੰਜੀਦਾ ਹੋਵੇ –ਪ੍ਰੋ: ਬਡੂੰਗਰ।

ਪਕੋਕਾ ਕਾਨੂੰਨ ਦੀ ਜ਼ਰੂਰਤ ਨਹੀਂ –ਪ੍ਰੋ: ਬਡੂੰਗਰ

੨੯ ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ

ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤੀ ਜਾ ਰਹੀ ਸੁਯੋਗ ਅਗਵਾਈ ਲਈ ਪ੍ਰਸ਼ੰਸਾ ਮਤਾ ਪਾਸ।

ਡਾ. ਰੂਪ ਸਿੰਘ ਨੂੰ ਮੁੱਖ ਸਕੱਤਰ ਅਤੇ ਸ. ਹਰਭਜਨ ਸਿੰਘ ਮਨਾਵਾਂ ਤੇ ਮਹਿੰਦਰ ਸਿੰਘ ਆਹਲੀ ਨੂੰ ਲਗਾਇਆ ਸਕੱਤਰ।

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਲਏ ਗਏ ਕਈ ਅਹਿਮ ਫੈਸਲੇ।

ਪਟਿਆਲਾ, 6 ਨਵੰਬਰ (           )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਅੰਤ੍ਰਿ੍ਰੰਗ ਕਮੇਟੀ ਦੀ ਇਕੱਤਰਤਾ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਹੋਈ। ਜਿਸ ਵਿਚ ਨਵੰਬਰ ੧੯੮੪ ‘ਚ ਕੀਤੀ ਗਈ ਸਿੱਖ ਨਸਲਕੁਸ਼ੀ, ਪੰਜਾਬ ਅੰਦਰ ਪੰਜਾਬੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਅਤੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਪਕੋਕਾ ਕਾਨੂੰਨ ਦੀ ਨਿੰਦਾ ਕੀਤੀ ਗਈ। ਇਕੱਤਰਤਾ ਦੌਰਾਨ ਫੈਸਲਾ ਕੀਤਾ ਗਿਆ ਜਨਰਲ ਇਜਲਾਸ ੨੯ ਨਵੰਬਰ ੨੦੧੭ ਨੂੰ ੧:੦੦ ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੂੰ ਮੁੱਖ ਸਕੱਤਰ ਲਗਾਇਆ ਗਿਆ ਅਤੇ ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਤੇ ਸ. ਮਹਿੰਦਰ ਸਿੰਘ ਆਹਲੀ ਨੂੰ ਸਕੱਤਰ ਵਜੋਂ ਪਦਉੱਨਤ ਕੀਤਾ ਗਿਆ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਕੱਤਰਤਾ ਵਿਚ ਲਏ ਗਏ ਫੈਸਲਿਆਂ ਬਾਰੇ ਦੱਸਦਿਆਂ ਕਿਹਾ ਕਿ ਨਵੰਬਰ ੧੯੮੪ ਵਿਚ ਦਿੱਲੀ, ਕਾਨ੍ਹਪੁਰ, ਬਖਾਰੋ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਅੰਦਰ ਸਾਜ਼ਿਸ਼ ਤਹਿਤ ਸਰਕਾਰੀ ਸ਼ਹਿ ‘ਤੇ ਕੀਤੀ ਗਈ ਸਿੱਖ ਨਸਲਕੁਸ਼ੀ ਵਿਚ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਲਈ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਕਤਲੇਆਮ ਦੀਆਂ ਤਸਵੀਰਾਂ ਅਤੇ ਕਤਲੇਆਮ ਦੀ ਸਾਜ਼ਿਸ਼ ਨੂੰ ਰੂਪਮਾਨ ਕਰਦੇ ਚਿੱਤਰ ਤਿਆਰ ਕਰਵਾ ਕੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਉਣ ਦਾ ਫੈਸਲਾ ਲਿਆ ਗਿਆ। ਇਹ ਵੀ ਪ੍ਰਵਾਨ ਹੋਇਆ ਕਿ ਸਿੱਖ ਕਤਲੇਆਮ ਦੇ ਤੱਥਾਂ ਨੂੰ ਪੁਸਤਕ ਰੂਪ ਵਿਚ ਸੰਗ੍ਰਹਿਤ ਕਰਨ ਵਾਸਤੇ ਇਕ ਤੱਥ-ਪੜਚੋਲ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਅੰਦਰ ਪੰਜਾਬੀ ਭਾਸ਼ਾ ਨਾਲ ਕੀਤਾ ਜਾ ਰਿਹਾ ਵਿਤਕਰਾ ਨਾ-ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਪੰਜਾਬ ਦੇ ਵਾਸੀ ਹੁੰਦਿਆਂ ਵੀ ਆਪਣੇ ਵਿੱਦਿਅਕ ਤੇ ਵਿੱਤੀ ਅਦਾਰਿਆਂ ਉਪਰ ਆਪਣੇ ਨਾਵਾਂ ਦੀਆਂ ਤਖ਼ਤੀਆਂ ਪੰਜਾਬੀ ਮਾਂ ਬੋਲੀ ਦੀ ਥਾਂ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖਦੇ ਹਨ। ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲਾ ਸਥਾਨ ਨਾ ਮਿਲਣਾ, ਕੌਮੀ ਰਾਜ ਮਾਰਗਾਂ ਦੇ ਚਿੰਨ੍ਹ ਹਿੰਦੀ ਤੇ ਅੰਗਰੇਜ਼ੀ ਵਿਚ ਪਹਿਲਾਂ ਲਿਖਣੇ ਇਸ ਗੱਲ ਦਾ ਪ੍ਰਮਾਣ ਹਨ। ਭਾਸ਼ਾ ਵਿਭਾਗ ਪੰਜਾਬ, ਮਾਂ-ਬੋਲੀ ਪੰਜਾਬੀ ਦੇ ਵਿਕਾਸ ਲਈ ਸਥਾਪਤ ਕੀਤਾ ਗਿਆ ਸੀ ਪਰੰਤੂ ਉਸ ਨੇ ਅਵੇਸਲੇਪਣ ਦਾ ਸਬੂਤ ਦਿੰਦਿਆਂ ਇਸ ਵਾਰ ਪੰਜਾਬੀ ਸਪਤਾਹ ਹੀ ਨਹੀਂ ਮਨਾਇਆ, ਜਿਸਦੀ ਨਿੰਦਾ ਕਰਦਿਆਂ ਅੰਤ੍ਰਿੰਗ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਇਕੱਤਰਤਾ ਵਿਚ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਵਰਤੋਂ ਕਰਦਿਆਂ ਮਾਂ-ਬੋਲੀ ਨੂੰ ਸਨਮਾਨਯੋਗ ਰੁਤਬਾ ਦੇਣ।
ਪ੍ਰੋ: ਬਡੂੰਗਰ ਨੇ ਇੱਕ ਹੋਰ ਫੈਸਲੇ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਪਕੋਕਾ ਕਾਨੂੰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਭਾਰਤ ਵਿਚ ਇਸ ਪਹਿਲਾਂ ਬਣੇ ਵਿਸ਼ੇਸ਼ ਕਾਨੂੰਨ ਐਨ.ਐਸ.ਏ., ਮੀਸਾ, ਟਾਂਡਾ ਆਦਿ ਦੀ ਵਰਤੋਂ ਘੱਟ ਗਿਣਤੀਆਂ ਦੇ ਖਿਲਾਫ਼ ਹੀ ਹੋਈ ਹੈ। ਜ਼ਬਰ-ਜ਼ੁਲਮ, ਅੱਤਿਆਚਾਰ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਕਾਨੂੰਨ ਤਾਂ ਪਹਿਲਾਂ ਹੀ ਬਹੁਤ ਹਨ, ਲੋੜ ਹੈ ਉਨ੍ਹਾਂ ਨੂੰ ਲਾਗੂ ਕਰਨ ਲਈ ਇੱਛਾ ਸ਼ਕਤੀ ਦੀ। ਇਸ ਦੀਆਂ ਪ੍ਰਤੱਖ ਉਦਾਹਰਣਾਂ ਸਿੱਖਾਂ ਨਾਲ ਹੁੰਦੀ ਆ ਰਹੀ ਬੇਇਨਸਾਫੀ, ਧੱਕੇਸ਼ਾਹੀ, ਜ਼ਬਰ-ਜ਼ੁਲਮ ਤੇ ੧੯੮੪ ਦਾ ਘੱਲੂਘਾਰਾ ਤੇ ਨਵੰਬਰ, ੧੯੮੪ ਵਿਚ ਸਿੱਖਾਂ ਦਾ ਦਿਨ-ਦਿਹਾੜੇ ਹੋਇਆ ਕਤਲੇਆਮ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ੩੩ ਸਾਲ ਬਾਅਦ ਵੀ ਕੋਈ ਵੀ ਸਜ਼ਾ ਨਾ ਦੇਣਾ ਹੈ। ਅੱਜ ਦੀ ਇਕੱਤਰਤਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲ ਦੇ ਅਧਾਰ ‘ਤੇ ਪਹਿਲਾਂ ਬਣੇ ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇ। ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਘੱਟ ਗਿਣਤੀਆਂ ਨੂੰ ਇਨਸਾਫ ਦੇਣ ਦਾ ਪ੍ਰਬੰਧ ਕੀਤਾ ਜਾਵੇ, ਨਾ ਕਿ ਵਿਸ਼ੇਸ਼ ਕਾਨੂੰਨ ਬਣਾ ਕੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਦਬਾਇਆ ਕੀਤਾ ਜਾਵੇ। ਇਸ ਤੋਂ ਪਹਿਲਾਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਸਮੂਹ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ੧੬ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਪਾਠ ਅਤੇ ਅਰਦਾਸ ਕਰਕੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੨੫ ਦਸੰਬਰ ੨੦੧੬ ਨੂੰ ਇੱਕੋ ਦਿਨ ਆਉਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਦਸਪ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ੨੫ ਦਸੰਬਰ ਨੂੰ ਮਨਾਉਣ ਦੀ ਬਜਾਏ ੫ ਜਨਵਰੀ ੨੦੧੮ ਨੂੰ ਮਨਾਉਣ ਸਬੰਧੀ ਅਗਵਾਈ ਕੀਤੀ ਜਾਵੇ।

ਇਕੱਤਰਤਾ ਉਪਰੰਤ ਜਾਣਕਾਰੀ ਦਿੰਦਿਆਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਦੂਰ-ਅੰਦੇਸ਼ ਸੋਚ ਸਦਕਾ ਤੇ ਸੁਯੋਗ ਅਗਵਾਈ ਹੇਠ  ਪਿਛਲੇ ਇੱਕ ਸਾਲ ਤੋਂ ਧਾਰਮਿਕ, ਸਮਾਜਕ, ਵਿੱਦਿਅਕ, ਸੱਭਿਆਚਾਰਕ ਤੇ ਸਿਹਤ ਸਹੂਲਤਾਂ ਦੇ ਖੇਤਰਾਂ ਵਿਚ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬਾਨ ਵਿਖੇ ਵੱਖ-ਵੱਖ ਧਾਰਮਿਕ ਸਮਾਗਮ, ਸਕੂਲਾਂ/ਕਾਲਜਾਂ ਵਿਚ ਵਿਸ਼ੇਸ਼ ਕੈਂਪ, ਖਾਲਸਾਈ ਖੇਡਾਂ, ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਸੈਮੀਨਾਰ, ਪ੍ਰਮੁੱਖ ਸਖਸ਼ੀਅਤਾਂ ਦੀ ਯਾਦ ਵਿਚ ਵਿਸ਼ੇਸ਼ ਸਮਾਗਮ ਕਰਵਾ ਕੇ ਸਿੱਖ ਜਰਨੈਲਾਂ ਤੇ ਵਿਦਵਾਨਾਂ ਦੀਆਂ ਤਸਵੀਰਾਂ ਸਥਾਪਤ ਕਰਨ, ਸਿੱਖ ਵਿਦਵਾਨਾਂ ਨਾਲ ਰਾਬਤਾ ਕਾਇਮ ਕਰਨ ਦੇ ਕੀਤੇ ਗਏ ਮਹੱਤਵਪੂਰਨ ਕਾਰਜਾਂ ਲਈ ਅੰਤ੍ਰਿੰਗ ਕਮੇਟੀ ਵੱਲੋਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀਆਂ ਸੇਵਾਵਾਂ ਤੇ ਅਗਵਾਈ ਲਈ ਪ੍ਰਸ਼ੰਸਾ ਮਤਾ ਵੀ ਪਾਸ ਕੀਤਾ ਗਿਆ ਹੈ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਜੈਪਾਲ ਸਿੰਘ ਮੰਡੀਆਂ, ਸ. ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਜੋਗਿੰਦਰ ਕੌਰ, ਸ. ਸਤਪਾਲ ਸਿੰਘ ਤਲਵੰਡੀ ਭਾਈ, ਸ. ਸੁਰਜੀਤ ਸਿੰਘ ਕਾਲਾਬੂਲਾ, ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਕੁਲਵੰਤ ਸਿੰਘ ਮੰਨਣ, ਸ. ਨਿਰਮਲ ਸਿੰਘ ਹਰਿਆਓ, ਸਕੱਤਰ ਡਾ. ਰੂਪ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਤੇ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ,