ਅੰਮ੍ਰਿਤਸਰ, 21 ਸਤੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਢਾਡੀ ਕਵੀਸ਼ਰ ਤਿਆਰ ਕਰਨ ਲਈ ਚਲਾਈ ਜਾ ਰਹੀ ਇਕਲੌਤੀ ਵਿਦਿਅਕ ਸੰਸਥਾ ਗਿਆਨੀ ਸੋਹਣ ਸਿੰਘ ਸੀਤਲ ਢਾਡੀ ਕਵੀਸ਼ਰ ਗੁਰਮਤਿ ਮਿਸ਼ਨਰੀ ਕਾਲਜ ਗੁਰੂ ਕੀ ਵਡਾਲੀ (ਅੰਮ੍ਰਿਤਸਰ) ਵਿਖੇ ਨਵੇਂ ਸੈਸ਼ਨ ਲਈ ਸਿਖਿਆਰਥੀਆਂ ਦੀ ਚੋਣ ਕੀਤੀ ਗਈ ਹੈ। ਢਾਡੀ ਕਵੀਸ਼ਰ ਕਾਲਜ ਵਿਖੇ ਅੱਜ ਹੋਈ ਚੋਣ ਪਰਕਿਰਿਆ ਦੌਰਾਨ ਪੁੱਜੇ ਸਿੱਖ ਵਿਦਿਆਰਥੀਆਂ ਦੀ ਇੰਟਰਵਿਊ ਲੈ ਕੇ ਉਨ੍ਹਾਂ ਦੀ ਗੁਰਮਤਿ ਪ੍ਰਤੀ ਜਾਣਕਾਰੀ ਪਰਖੀ ਗਈ, ਜਿਸ ਵਿਚ ਸਫਲ ਰਹਿਣ ਵਾਲਿਆਂ ਨੂੰ ਸੰਸਥਾ ਵਿਚ ਦਾਖਲਾ ਦਿੱਤਾ ਗਿਆ। ਇੰਟਰਵਿਊ ਲੈਣ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਅਮਰਜੀਤ ਸਿੰਘ ਬੰਡਾਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ, ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਮਨਜੀਤ ਕੌਰ, ਡਾ. ਅਮਰਜੀਤ ਕੌਰ, ਢਾਡੀ ਕਵੀਸ਼ਰ ਕਾਲਜ ਦੇ ਪ੍ਰਿੰਸੀਪਲ ਜਸਵੰਤ ਸਿੰਘ, ਵਿਦਵਾਨ ਢਾਡੀ ਗਿਆਨੀ ਸਵਿੰਦਰ ਸਿੰਘ ਭੰਗੂ ਅਤੇ ਕਵੀਸ਼ਰ ਗਿਆਨੀ ਗੁਰਨਾਮ ਸਿੰਘ ਕਲਾਨੌਰ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਢਾਡੀ ਕਵੀਸ਼ਰ ਕਾਲਜ ਦਾ ਪਹਿਲਾ ਸੈਸ਼ਨ ਮੁਕੰਮਲ ਹੋਣ ’ਤੇ ਦੂਸਰੇ ਸੈਸ਼ਨ ਲਈ ਸਿਖਿਆਰਥੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਢਾਡੀ ਅਤੇ ਕਵੀਸ਼ਰੀ ਕਲਾ ਵਿਚ ਨਿਪੁੰਨ ਕਰਨ ਦੇ ਨਾਲ-ਨਾਲ ਸਿੱਖ ਇਤਿਹਾਸ, ਸਿੱਖ ਸਿਧਾਂਤਾਂ, ਸਿੱਖ ਰਹਿਤ ਮਰਯਾਦਾ ਅਤੇ ਗੁਰਬਾਣੀ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੀ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਂਦੀ, ਸਗੋਂ ਵਿਦਿਆਰਥੀਆਂ ਨੂੰ 1500 ਰੁਪਇਆ ਮਾਸਕ ਵਜੀਫਾ ਦਿੱਤਾ ਜਾਂਦਾ ਹੈ।