ਅੰਮ੍ਰਿਤਸਰ, 6 ਅਕਤੂਬਰ- ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੱਜ ਹਸਨ ਅਬਦਾਲ ਵਿਖੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਥਾਨਕ ਪ੍ਰਬੰਧਕਾਂ ਨਾਲ ਸ਼ਤਾਬਦੀ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਫ਼ਦ ਮੈਂਬਰਾਂ ਨੇ ਹਸਨ ਅਬਦਾਲ ਦੇ ਰੇਵਲੇ ਸਟੇਸ਼ਨ ’ਤੇ ਕੀਤੇ ਜਾਣ ਵਾਲੇ ਕੀਰਤਨ ਸਮਾਗਮ ਲਈ ਜਗ੍ਹਾ ਦਾ ਜਾਇਜ਼ਾ ਵੀ ਲਿਆ। ਦੱਸਣਯੋਗ ਹੈ ਕਿ ਸ਼ਤਾਬਦੀ ਸਬੰਧੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ਦੇ ਨਾਲ-ਨਾਲ ਸਾਕੇ ਵਾਲੇ ਸਥਾਨ ਹਸਨ ਅਬਦਾਲ ਦੇ ਰੇਲਵੇ ਸਟੇਸ਼ਨ ’ਤੇ ਇਕ ਘੰਟੇ ਦਾ ਕੀਰਤਨ ਦਰਬਾਰ ਕਰਨ ਦੀ ਵੀ ਯੋਜਨਾ ਹੈ।
ਸ਼੍ਰੋਮਣੀ ਕਮੇਟੀ ਦੇ ਵਫ਼ਦ ਮੈਂਬਰਾਂ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਧਰਮ ਪ੍ਰਚਾਰ ਕਮੇਟੀ ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਅਤੇ ਯਾਤਰਾ ਵਿਭਾਗ ਦੇ ਇੰਚਾਰਜ ਸ. ਰਾਜਿੰਦਰ ਸਿੰਘ ਰੂਬੀ ਨੇ ਸਥਾਨਕ ਪ੍ਰਬੰਧਕਾਂ ਨਾਲ ਸਮਾਗਮਾਂ ਦੇ ਪ੍ਰਬੰਧਾਂ ਲਈ ਗੱਲਬਾਤ ਕੀਤੀ ਅਤੇ ਨੇੜਲੇ ਇਲਾਕਿਆਂ ਵਿਚੋਂ ਸਿੱਖ ਸੰਗਤਾਂ ਨੂੰ ਸ਼ਤਾਬਦੀ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਤੇ ਵਫ਼ਦ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਗ੍ਰੰਥੀ ਭਾਈ ਰਣਜੀਤ ਸਿੰਘ ਤੇ ਭਾਈ ਕੁਲਬੀਰ ਸਿੰਘ, ਸਥਾਨਕ ਸਿੱਖ ਆਗੂ ਭਾਈ ਸੰਤੋਖ ਸਿੰਘ ਤੇ ਹੋਰਨਾਂ ਪ੍ਰਮੁੱਖ ਸਿੱਖਾਂ ਨਾਲ ਜਾ ਕੇ ਰੇਲਵੇ ਸਟੇਸ਼ਨ ਹਸਨ ਅਬਦਾਲ ਵਿਖੇ ਕੀਤੇ ਜਾਣ ਵਾਲੇ ਕੀਰਤਨ ਸਮਾਗਮ ਲਈ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਤਾਂ ਜੋ ਇਥੇ ਪ੍ਰਭਾਵਸ਼ਾਲੀ ਢੰਗ ਨਾਲ ਸਮਾਗਮ ਕੀਤਾ ਜਾ ਸਕੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਗਏ ਨੁਮਾਇੰਦਿਆਂ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।