ਅੰਮ੍ਰਿਤਸਰ ੧ ਅਗਸਤ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਲੋਕਾਈ ਦੇ ਰਾਹ ਦਸੇਰਾ ਹਨ ਇਸ ਵਿੱਚ ਦਰਜ ਪਾਵਨ ਬਾਣੀ ਕਿਸੇ ਵਿਅਕਤੀ ਦੀ ਨਹੀਂ ਬਲਕਿ ਗੁਰੂ ਸਾਹਿਬਾਨ ਦੀ ਹੈ ਜੋ ਹਰੇਕ ਵਿਅਕਤੀ ਨੂੰ ਬੁਰਾਈ ਤੋਂ ਦੂਰ ਰਹਿਣ ਤੇ ਪ੍ਰੇਰਣਾਦਾਇਕ ਹੈ, ਪਰ ਕੁਝ ਘਟੀਆ ਬਿਰਤੀ ਵਾਲੇ ਲੋਕ ਇਸ ਵਿੱਚ ਦਰਜ ਪਾਵਨ ਬਾਣੀ ਦਾ ਨਿਰਾਦਰ ਕਰਦੇ ਹਨ ਜੋ ਬਰਦਾਸ਼ਤ ਤੋਂ ਬਾਹਰ ਹੈ।ਅਜਿਹੇ ਲੋਕਾਂ ਖਿਲਾਫ ਸਿੱਖਾਂ ਦੀ ਧਾਰਮਿਕ ਭਾਵਨਾ ਭੜਕਾਉਣ ਦੀ ਧਾਰਾ-੨੯੫ ਏ ਤਹਿਤ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਸੋਸ਼ਲ ਸਾਈਟ ਤੇ ਵਾਇਰਲ ਹੋਈ ਵੀਡੀਉ ਵਿੱਚ ਕੁਝ ਸ਼ਰਾਰਤੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਲਾਵਾਂ ਦੇ ਪਾਠ, ਅਰਦਾਸ ਨੂੰ ਤੋੜ-ਮਰੋੜ ਤੇ ਹੋਰ ਗ੍ਰੰਥੀ ਸਿੰਘਾਂ ਦੀ ਨਕਲ ਉਤਾਰ ਰਹੇ ਹਨ ਤੇ ਵਿਆਹ ਕਰਨ ਵਾਲੀ ਘਟਨਾ ਦਰਸਾ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਮਾਰ ਰਹੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਲਈ ਬਰਦਾਸ਼ਤ ਤੋਂ ਬਾਹਰ ਹੈ।ਸ਼ਰਾਰਤੀ ਲੋਕਾਂ ਦੀ ਇਸ ਘਟੀਆ ਕਰਤੂਤ ਨਾਲ ਦੇਸ਼-ਵਿਦੇਸ਼ ‘ਚ ਵਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵਜੀ ਹੈ ਤੇ ਇਸ ਹਰਕਤ ਪ੍ਰਤੀ ਸਿੱਖ ਮਨਾਂ ‘ਚ ਭਾਰੀ ਰੋਸ ਤੇ ਰੋਹ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ ਹੈ ਤੇ ਸ਼ਰਾਰਤੀਆਂ ਦੀ ਕਿਸੇ ਵੀ ਅਜਿਹੀ ਕਾਰਵਾਈ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ।ਉਨ੍ਹਾਂ ਕਿਹਾ ਕਿ ਇਸ ਘਟੀਆ ਹਰਕਤ ਪ੍ਰਤੀ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਹੈ ਕਿ ਅਣਪਛਾਤੇ ਲੋਕਾਂ ਦੀ ਸੋਸ਼ਲ ਸਾਈਟ ਤੇ ਆਈ ਵੀਡੀਉ ਦੇ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ ੨੯੫ ਏ ਤਹਿਤ ਪਰਚਾ ਦਰਜ ਕਰਵਾਇਆ ਜਾਵੇਗਾ।
ਉਨ੍ਹਾਂ ਪ੍ਰਸ਼ਾਸਨ ਨੂੰ ਵੀ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਨਾਜੁਕ ਮਾਮਲਾ ਹੈ ਜੋ ਸਿੱਧਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੈ ਇਸ ਲਈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦਾ ਪਤਾ ਲੱਗਾ ਕੇ ਤੁਰੰਤ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰੇ।