ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ
ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਨੂੰ ਦਸਮ-ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਸਥਾਨ ਹੋਣ ਦਾ ਮਾਣ ਤੇ ਸਤਿਕਾਰ ਪ੍ਰਾਪਤ ਹੈ। ਇਸ ਪਾਵਨ ਧਰਤ ਨੂੰ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਹੈ। ਸੂਰਬੀਰਤਾ-ਨਿਰਭੈਤਾ ਪ੍ਰਦਾਨ ਕਰਨ ਵਾਲਾ ਹੁਕਮ ਇਥੋਂ ਹੀ ਸੰਗਤਾਂ ਦੇ ਨਾਮ ਜਾਰੀ ਹੋਇਆ, ਜਿਸ ਵਿੱਚ ਨੌਵੇ ਸਤਿਗੁਰੂ ਜੀ ਨੇ ਫਰਮਾਇਆ- ਜੋ ਗੋਬਿੰਦ ਕੀਆ ਠੀਕ ਕੀਆ- ਤਹੀ ਪ੍ਰਕਾਸ਼ ਹਮਾਰਾ ਭਯੋ, ਪਟਨਾ ਸਾਹਿਬ ਵਿਖੇ ਭਵ ਲਯੋ। ਦੇ ਪਾਵਨ ਵਾਕ ਅਨੁਸਾਰ ਗੁਰੂ ਗੋਬਿੰਦ ੰਿਸੰਘ ਜੀ ਦਾ ਪ੍ਰਕਾਸ਼ ਇਸ ਪਾਵਨ ਧਰਤ ‘ਤੇ ਹੀ ਹੋਇਆ। ਗੁਰਦੇਵ ਪਿਤਾ ਗੁਰੁੂ ਗੋਬਿੰਦ ਸਿੰਘ ਜੀ ਇਥੇ ਬਾਲ ਲੀਲ੍ਹਾ ਰਚ, ਫਿਰ ਇਥੋਂ ਚੱਲ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ‘ਤੇ ਪਹੁੰਚੇ। ਪੂਰਬ ਵਿੱਚ ਸਿੱਖੀ ਪ੍ਰਚਾਰ ਦਾ ਧੁਰਾ ਪਟਨਾ ਸਾਹਿਬ ਗੁਰੂ ਪੰਥ ਵੱਲੋਂ ਪ੍ਰਵਾਣਿਤ ਤੇ ਸਵੀਕਾਰਤਿ ਦੂਸਰਾ ਤਖ਼ਤ ਹੈ । ਤਖ਼ਤ ਸਾਹਿਬ ਦੀ ਪਾਵਨ ਇਮਾਰਤ ਦੀ ਸੇਵਾ ਪਹਿਲਾਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ, ਜੋ ਭੂਚਾਲ ਨਾਲ ਨਸ਼ਟ ਹੋਣ ਕਰਕੇ, ਸੰਗਤਾਂ ਦੇ ਸਹਿਯੋਗ ਨਾਲ ਵਰਤਮਾਨ ਇਮਾਰਤ ਦੇ ਰੂਪ ਵਿਚ ਸੁਭਾਇਮਾਨ ਹੈ। ਗੁਰਦੁਆਰਾ ਗੋਬਿੰਦ ਬਾਗ, ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ, ਖੂਹ ਮਾਤਾ ਗੁਜਰੀ ਜੀ, ਗੁਰਦੁਆਰਾ ਗਊ ਘਾਟ, ਗੁਰਦੁਆਰਾ ਹਾਂਡੀ ਸਾਹਿਬ ਆਦਿ ਇਤਿਹਾਸਕ ਸਥਾਨ ਦਰਸ਼ਨ ਕਰਨਯੋਗ ਹਨ।

Giani Ranjeet Singh Ji
Jathedar Takht Sri Harmandir Ji, Patna Sahib (Bihar)