ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ-ਭੂਮੀ ਹੈ, ਜੋ ਸ਼ਿਵਾਲਕ ਦੀਆਂ ਪਹਾੜੀਆਂ ਦੇ ਦਾਮਨ ਹੇਠ ਅਤੇ ਦਰਿਆ ਸਤਲੁਜ ਕਿਨਾਰੇ ਸ਼ੁਭਾਇਮਾਨ ਹੈ। ਇਸ ਪਾਵਨ ਸਥਾਨ ਤੋਂ ਜਦ ਰਣਜੀਤ ਨਗਾਰੇ ‘ਤੇ ਚੋਟ ਲੱਗਦੀ ਤਾਂ ਜ਼ਾਬਰ ਤੇ ਜ਼ਾਲਮ ਡਰਦੇ ਤੇ ਸਾਧਾਰਣ ਲੋਕਾਈ ਆਪਣਾ ਰਾਖਾ ਜਾਣ ਸੀਸ ਝੁਕਾਉਂਦੀ। ਮਨੁੱਖਤਾ ਦੇ ਇਤਿਹਾਸ ਵਿੱਚ ਨੀਚੋਂ ਊਚ ਕਰਨ ਦੀ ਕਰਾਮਾਤ ਤੇ ਆਪੇ ਗੁਰ-ਚੇਲੇ ਦਾ ਅਲੌਕਿਕ ਤੇ ਦੈਵੀ ਵਰਤਾਰਾ ਵੀ ਇਥੇ ਹੀ ਵਾਪਰਿਆ। ਮਾਖੋਵਾਲ ਦੀ ਧਰਤ ਨੂੰ ਖ੍ਰੀਦ ਕਰਕੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ‘ਚੱਕ ਨਾਨਕੀ’ ਨਾਮ ਰੱਖਿਆ ਜੋ ਪਿਛੋਂ ‘ਅਨੰਦਪੁਰ ਸਾਹਿਬ’ ਦੇ ਨਾਮ ਨਾਲ ਪ੍ਰਸਿੱਧ ਹੋਇਆ। ਜਦ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸੀਸ ਲੈ ਭਾਈ ਜੈਤਾ ਪੁੱਜਿਆ ਤਾਂ ਸਤਿਗੁਰੂ ਜੀ ਨੇ ਸੁਭਾਵਿਕ ਉਚਾਰਿਆ- ਇਹ ਬਿਧ ਕੋ ਪੰਥ ਬਨਾਓ….। ਇਥੇ ਹੀ ਪੰਜਾਂ ਪਿਆਰਿਆਂ ਸੀਸ ਭੇਂਟ ਕਰ, ਪ੍ਰੇਮ ਦੀ ਖੇਡ ਖੇਡੀ ਤੇ ਫਿਰ ਆਪ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਖ਼ਾਲਸੇ ਨੂੰ ਬਖਸ਼ਿਸ਼ਾਂ ਕੀਤੀਆਂ:
ਖ਼ਾਲਸਾ ਮੇਰੋ ਰੂਪ ਹੈ ਖ਼ਾਸ।
ਖ਼ਾਲਸਹ ਮਹਿ ਹਉਂ ਕਰਹੁੰ ਨਿਵਾਸ।…
ਖ਼ਾਲਸਾ ਮੇਰੋ ਸਤਿਗੁਰੁ ਪੂਰਾ।
ਇਸ ਅਸਥਾਨ ਤੋਂ ਹੀ ਹਿੰਦੁਸਤਾਨ ਦੀ ਆਜ਼ਾਦੀ ਲਈ ਫੈਸਲਾ-ਕੁੰਨ ਜਦੋ-ਜਹਿਦ ਆਰੰਭ ਹੋਈ, ਜਿਸ ਵਿੱਚ ਗੁਰੂ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਦਿੱਤਾ ਤੇ ਤਦ ਤਕ ਜਾਰੀ ਰਹੀ, ਜਦ ਤਕ ਸ਼ਾਹੀ ਕਿਲ੍ਹੇ ਲਾਹੌਰ ‘ਤੇ ਕੇਸਰੀ ਪਰਚਮ ਨਾ ਝੁਲਾ ਦਿੱਤਾ। ਕਿਤਨਾ ਪਿਆਰ ਹੈ ਇਸ ਪਾਵਨ ਅਸਥਾਨ ਨਾਲ ਖ਼ਾਲਸਾ ਪੰਥ ਦਾ ਕਿ ਹਰ ਗੁਰਸਿੱਖ ਆਪਣੇ ਆਪ ਨੂੰ ਅਨੰਦਪੁਰੀ ਦਾ ਵਾਸੀ ਅਖਵਾ ਮਾਣ ਮਹਿਸੂਸ ਕਰਦਾ ਹੈ।
Gurdwara Text Courtesy :- Dr. Roop Singh, Secretary S.G.P.C.
Singh Sahib Giani Sultan Singh ji
Jathedar Takhat Sri Kesgarh sahib