ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੫ ॥ ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਸ਼ੁੱਕਰਵਾਰ, ੬ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੧੮ ਅਪ੍ਰੈਲ, ੨੦੨੫ (ਅੰਗ: ੬੭੭)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਅਪ੍ਰੈਲ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਗੂਜਰੀ ਮਹਲਾ ੫ ਚਉਪਦੇ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥ ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥ ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ ॥ ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥ ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥ ਦੁਰਮਤਿ ਮੇਟਿ
ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥

ਵੀਰਵਾਰ ੧੭ ਅੱਸੂ (ਸੰਮਤ ੫੪੬ ਨਾਨਕਸ਼ਾਹੀ) ੦੨ ਅਕਤੂਬਰ, ੨੦੧੪ (ਅੰਗ: ੪੯੫)

ਪੰਜਾਬੀ ਵਿਆਖਿਆ:

ਗੂਜਰੀ ਮਹਲਾ ੫ ਚਉਪਦੇ ਘਰੁ ੨
ੴ ਸਤਿਗੁਰ ਪ੍ਰਸਾਦਿ ॥

ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤਿ ਤੋਂ) ਬਚਾਈ ਰੱਖ । (ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤਿ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ।੧।ਰਹਾਉ।ਹੇ ਭਾਈ! ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ । ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ । ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ।੧।ਹੇ ਭਾਈ! ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ । ਹੇ ਭਾਈ! ਤੁਸੀ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ।੨।ਹੇ ਭਾਈ! ਲੋਕ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਕੇ, ਤੇ, ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ, ਦਿਨ ਰਾਤ ਹੋਰ ਭੀ ਅਨੇਕਾਂ ਸਰੀਰਕ ਪਵਿਤ੍ਰਤਾ ਦੇ ਸਾਧਨ ਕਰਦੇ ਹਨ । ਪਰ, ਗੁਰੂ ਤੋਂ ਬਿਨਾ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ ।੩।ਹੇ ਨਾਨਕ! (ਆਖ—) ਭੌਂ ਭੌਂ ਕੇ ਸਾਰੇ ਜਗਤ ਵਿਚ ਭੌਂ ਕੇ ਜੇਹੜੇ ਮਨੁੱਖ ਆਖ਼ਰ ਪਰਮਾਤਮਾ ਦੇ ਦਰ ਤੇ ਆ ਡਿੱਗਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤਿ ਮਿਟਾ ਕੇ ਉਹਨਾਂ ਦੇ ਮਨ ਵਿਚ ਸੁਚੱਜੀ ਅਕਲ ਦਾ ਪਰਕਾਸ਼ ਕਰ ਦੇਂਦਾ ਹੈ, ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ।੪।੧।੨।