ਰਾਮਕਲੀ ਮਹਲਾ ੫ ॥

ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥ ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥ ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥ ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥ ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥ ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥ ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥ ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥ ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥ ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥ ਬਿਨਵੰਤਿ ਨਾਨਕ ਪ੍ਰਭਿ ਕਰੀ ਕਿਰਪਾ ਪੂਰਾ ਸਤਿਗੁਰੁ ਪਾਇਆ ॥੨॥ ਮਿਲਿ ਰਹੀਐ ਪ੍ਰਭ ਸਾਧ ਜਨਾ ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥ ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥ ਦਇਆਲ ਦੁਖ ਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋ ॥ ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ॥ ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ ॥ ਬਿਨਵੰਤਿ ਨਾਨਕ ਪ੍ਰਭ ਮਇਆ ਕੀਜੈ ਨਾਮੁ ਤੇਰਾ ਜਪਿ ਜੀਵਾ ॥੩॥ ਰਾਖਿ ਲੀਏ ਪ੍ਰਭਿ ਭਗਤ ਜਨਾ ਅਪਣੀ ਚਰਣੀ ਲਾਏ ਰਾਮ ॥ ਆਠ ਪਹਰ ਅਪਨਾ ਪ੍ਰਭੁ ਸਿਮਰਹ ਏਕੋ ਨਾਮੁ ਧਿਆਏ ਰਾਮ ॥ ਧਿਆਇ ਸੋ ਪ੍ਰਭੁ ਤਰੇ ਭਵਜਲ ਰਹੇ ਆਵਣ ਜਾਣਾ ॥ ਸਦਾ ਸੁਖੁ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥ ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੇ ਫਿਰਿ ਨਾਹੀ ਦੂਖ ਵਿਸੂਰਿਆ ॥੪॥੩॥

ਐਤਵਾਰ, ੨੨ ਕੱਤਕ (ਸੰਮਤ ੫੪੮ ਨਾਨਕਸ਼ਾਹੀ) ੬ ਨਵੰਬਰ, ੨੦੧੬        (ਅੰਗ : ੯੨੫)

ਪੰਜਾਬੀ ਵਿਆਖਿਆ:-

ਰਾਮਕਲੀ ਮਹਲਾ ੫ ॥

ਹੇ ਭਾਈ! ਨਿੱਤ ਆਹਰ ਨਾਲ ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ । ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ । ਹੇ ਭਾਈ! ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ । ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ । ਹੇ ਭਾਈ! ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ । ਨਾਨਕ ਆਖਦਾ ਹੈ—ਹੇ ਭਾਈ! ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੧। ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ; ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ । (ਹੇ ਭਾਈ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ । ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ । ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ । ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ ਪੂਰਾ ਗੁਰੂ ਮਿਲ ਪਿਆ, ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ ।੨। ਹੇ ਭਾਈ! ਪ੍ਰਭੂ ਦੇ ਭਗਤਾਂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ, ਭਗਤ-ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਕੀਰਤਨ ਸੁਣਨਾ ਚਾਹੀਦਾ ਹੈ । ਹੇ ਭਾਈ! ਦਇਆ ਦੇ ਸੋਮੇ ਦਾਮੋਦਰ ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ । ਹੇ ਭਾਈ! ਪ੍ਰਭੂ ਦਇਆ ਦਾ ਸੋਮਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸਰਨ-ਜੋਗ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ । ਹੇ ਭਾਈ! ਨਾਮ ਜਪਣ ਵਾਲਿਆਂ ਨੂੰ ਉਹ ਪ੍ਰਭੂ ਮੋਹ ਸੋਗ ਅਤੇ ਔਖੇ ਵਿਕਾਰਾਂ ਤੋਂ ਬਚਾਣ ਵਾਲਾ ਹੈ । ਹੇ ਮੇਰੇ ਪ੍ਰਭੂ! ਸਾਰੇ ਜੀਵ ਤੇਰੇ (ਪੈਦਾ ਕੀਤੇ ਹੋਏ ਹਨ), ਮਿਹਰ ਕਰ, ਮੈਂ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ । ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! ਦਇਆ ਕਰ, ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ ।੩। (ਹੇ ਭਾਈ! ਸਦਾ ਤੋਂ ਹੀ) ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ । ਸੋ, ਹੇ ਭਾਈ! ਇਕ ਹਰਿ-ਨਾਮ ਦਾ ਧਿਆਨ ਧਰ ਕੇ, ਆਓ, ਅਸੀ ਭੀ ਅੱਠੇ ਪਹਰ ਆਪਣੇ ਪ੍ਰਭੂ ਨੂੰ ਸਿਮਰਦੇ ਰਹੀਏ । (ਹੇ ਭਾਈ! ਅਨੇਕਾਂ ਜੀਵ) ਉਸ ਪ੍ਰਭੂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁੱਕ ਗਏ । ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਉਹਨਾਂ ਦੇ ਅੰਦਰ ਸਦਾ ਸੁਖ-ਆਨੰਦ ਬਣਿਆ ਰਿਹਾ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ । ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ ਹਰੇਕ ਮੁਰਾਦ ਪੂਰੀ ਹੋ ਗਈ, ਉਹਨਾਂ ਦੀ ਹਰੇਕ ਆਸ ਪੂਰੀ ਹੋ ਗਈ; ਜਿਨ੍ਹਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ, ਉਹਨਾਂ ਨੂੰ ਕੋਈ ਦੁੱਖ ਕੋਈ ਝੋਰੇ ਮੁੜ ਨਹੀਂ ਵਿਆਪਦੇ ।੪।੩।

English Translation:

RAAMKALEE,  FIFTH MEHL:

Rise early each morning, and with the Saints, sing the melodious harmony, the unstruck sound current of the Shabad. All sins and sufferings are erased, chanting the Lord’s Name, under Guru’s Instructions. Dwell upon the Lord’s Name, and drink in the Nectar; day and night, worship and adore Him. The merits of Yoga, charity and religious rituals are obtained by grasping His lotus feet. Loving devotion to the merciful, enticing Lord takes away all pain. Prays Nanak, cross over the world-ocean, meditating on the Lord, your Lord and Master.  || 1 ||   Meditation on the Lord of the Universe is an ocean of peace; Your devotees sing Your Glorious Praises, Lord. Ecstasy, bliss and great happiness are obtained by grasping hold of the Guru’s feet. Meeting with the treasure of peace, their pains are taken away; granting His Grace, God protects them. Those who grasp the Lord’s feet — their fears and doubts run away, and they chant the Name of the Lord. He thinks of the One Lord, and he sings of the One God; he gazes upon the One Lord alone. Prays Nanak, God has granted His Grace, and I have found the Perfect True Guru.  || 2 ||   Meet with the holy, humble servants of God; meeting with the Lord, listen to the Kirtan of His Praises. God is the Merciful Master, the Lord of wealth; there is no end to His Virtues. The Merciful Lord is the Dispeller of pain, the Giver of Sanctuary, the Eradicator of all evil. Emotional attachment, sorrow, corruption and pain — chanting the Naam, the Name of the Lord, one is saved from these. All beings are Yours, O my God; bless me with Your Mercy, that I may become the dust under the feet of all men. Prays Nanak, O God, be kind to me, that I may chant Your Name, and live.  || 3 ||   God saves His humble devotees, attaching them to His feet. Twenty-four hours a day, they meditate in remembrance on their God; they meditae on the One Name. Meditating on that God, they cross over the terrifying world-ocean, and their comings and goings cease. They enjoy eternal peace and pleasure, singing the Kirtan of God’s Praises; His Will seems so sweet to them. All my desires are fulfilled, meeting with the Perfect True Guru. Prays Nanak, God has blended me with Himself; I shall never suffer pain or sorrow again.  || 4 || 3 ||

Sunday, 22nd Katak (Samvat 548 Nanakshahi) 6th November, 2016      (Page: 925)