ਬਿਲਾਵਲੁ ਮਹਲਾ ੩ ॥
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥ ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥ ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥ ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥ ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥ ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥ ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
ਸ਼ਨੀਵਾਰ, ੨ ਜੇਠ (ਸੰਮਤ ੫੪੭ ਨਾਨਕਸ਼ਾਹੀ) (ਅੰਗ: ੭੯੭)
ਪੰਜਾਬੀ ਵਿਆਖਿਆ:
ਬਿਲਾਵਲੁ ਮਹਲਾ ੩ ॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਜਪਣ ਵਿਚ) ਗਿੱਝ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ । (ਪਰ) ਗੁਰੂ (ਭੀ) ਉਸੇ ਨੂੰ ਮਿਲਦਾ ਹੈ ਜਿਸ ਉਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਫਿਰ ਹਰ ਵੇਲੇ ਉਸ ਦੀ ਸੁਰਤਿ ਆਤਮਕ ਅਡੋਲਤਾ ਪੈਦਾ ਕਰਨ ਵਾਲੀ ਅਵਸਥਾ ਵਿਚ ਜੁੜੀ ਰਹਿੰਦੀ ਹੈ ।੧।ਰਹਾਉ।(ਹੇ ਭਾਈ!) ਮਾਲਕ-ਪ੍ਰਭੂ ਦੀ ਮੇਹਰ ਨਾਲ ਹੀ (ਕੋਈ ਮਨੁੱਖ ਉਸ ਦਾ) ਭਗਤ ਬਣਦਾ ਹੈ, ਮਾਲਕ-ਪ੍ਰਭੂ ਦੀ ਕਿਰਪਾ ਨਾਲ ਹੀ (ਮਨੁੱਖ ਨੂੰ ਉਸ ਦੀ) ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ । (ਇਹ ਸੇਵਾ-ਭਗਤੀ ਕਿਸੇ ਨੂੰ ਭੀ ਉਸ ਦੇ ਆਪਣੇ ਉੱਦਮ ਨਾਲ ਨਹੀਂ ਮਿਲਦੀ) ਕੋਈ ਭੀ ਮਨੁੱਖ ਅਜੇਹੀ ਗ਼ਲਤ ਦਲੀਲ ਨਹੀਂ ਦੇ ਸਕਦਾ ।ਹੇ ਪ੍ਰਭੂ! ਇਹ ਤੇਰਾ ਇਕ ਅਚਰਜ ਤਮਾਸ਼ਾ ਬਣਿਆ ਹੋਇਆ ਹੈ (ਕਿ ਤੇਰੀ ਭਗਤੀ ਤੇਰੀ ਮੇਹਰ ਨਾਲ ਹੀ ਮਿਲਦੀ ਹੈ, ਉਂਞ) ਤੂੰ ਸਭ ਜੀਵਾਂ ਵਿਚ ਆਪ ਹੀ ਸਮਾਇਆ ਹੋਇਆ ਹੈਂ ।੧।ਹੇ ਪ੍ਰਭੂ! (ਆਪਣੇ ਉੱਦਮ ਨਾਲ) ਕੋਈ ਭੀ ਮਨੁੱਖ ਤੇਰੀ ਸੇਵਾ-ਭਗਤੀ ਨਹੀਂ ਕਰ ਸਕਦਾ, ਕੋਈ ਮਨੁੱਖ ਅਜੇਹਾ ਕੋਈ ਮਾਣ ਨਹੀਂ ਕਰ ਸਕਦਾ । ਹੇ ਮਾਲਕ-ਪ੍ਰਭੂ! ਜਦੋਂ ਤੂੰ ਕਿਸੇ ਜੀਵ ਵਿਚੋਂ (ਸੇਵਾ-ਭਗਤੀ ਵਾਸਤੇ ਦਿੱਤਾ ਹੋਇਆ) ਚਾਨਣ ਖਿੱਚ ਲੈਂਦਾ ਹੈਂ, ਤਦੋਂ ਫਿਰ ਕੋਈ ਭੀ ਸੇਵਾ-ਭਗਤੀ ਦੀਆਂ ਗੱਲਾਂ ਨਹੀਂ ਕਰ ਸਕਦਾ ।੨।ਹੇ ਭਾਈ! ਪਰਮਾਤਮਾ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ (ਜੇਹੜੇ ਗੁਣ ਉਹ ਗੁਰੂ ਦੀ ਰਾਹੀਂ ਸਿੱਖ ਨੂੰ ਦੇਂਦਾ ਹੈ) । ਜਿਵੇਂ ਉਸ ਹਰੀ ਭਗਵਾਨ ਨੂੰ ਚੰਗਾ ਲੱਗਦਾ ਹੈ, ਜਿਵੇਂ ਉਹ ਜੀਵ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਜੀਵ ਤੁਰਦਾ ਹੈ ।੩।ਨਾਨਕ ਆਖਦਾ ਹੈ—ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੇਰੇ ਕੰਮਾਂ (ਦੇ ਭੇਤ) ਨੂੰ ਕੋਈ ਨਹੀਂ ਜਾਣ ਸਕਦਾ । ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਟਿਕਾ ਕੇ ਇੱਜ਼ਤ ਬਖ਼ਸ਼ਦਾ ਹੈਂ । ਕਈ ਜੀਵ ਕੁਰਾਹੇ ਪੈ ਕੇ ਅਹੰਕਾਰ ਵਿਚ ਭਟਕਦੇ ਫਿਰਦੇ ਹਨ ।੪।੩।
English Translation :
BILAAVAL, THIRD MEHL:
My Lord and Master has made me His servant, and blessed me with His service; how can anyone argue about this? Such is Your play, One and Only Lord; You are the One, contained among all. || 1 || When the True Guru is pleased and appeased, one is absorbed in the Lord’s Name. One who is blessed by the Lord’s Mercy, finds the True Guru; night and day, he automatically remains focused on the Lord’s meditation. || 1 || Pause || How can I serve You? How can I be proud of this? When You withdraw Your Light, O Lord and Master, then who can speak and teach? || 2 || You Yourself are the Guru, and You Yourself are the chaylaa, the humble disciple; You Yourself are the treasure of virtue. As You cause us to move, so do we move, according to the Pleasure of Your Will, O Lord God. || 3 || Says Nanak, You are the True Lord and Master; who can know Your actions? Some are blessed with glory in their own homes, while others wander in doubt and pride. || 4 || 3 ||
Saturday 2nd Jayt’h (Samvat 547 Nanakshahi) (Page: 797)